ਗੁਰੂਹਰਸਹਾਏ, 9 ਮਾਰਚ (ਹਰਚਰਨ ਸਿੰਘ ਸੰਧੂ)-ਮੋਗਾ ਵਿਖੇ 14 ਮਾਰਚ ਨੂੰ ਭਾਜਪਾ ਵਲੋਂ ਕੀਤੀ ਜਾ ਰਹੀ ਰੈਲੀ ਨੂੰ ਲੈ ਕੇ ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਲਗਾਤਾਰ ਫਿਰੋਜ਼ਪੁਰ ਅਤੇ ਗੁਰੂਹਰਸਹਾਏ ਹਲਕੇ 'ਚ ਸਰਗਰਮ ਨਜ਼ਰ ਆ ਰਹੇ ਹਨ | ਦੇਰ ਸ਼ਾਮ ਗੁਰੂਹਰਸਹਾਏ ਦੇ ਨਜ਼ਦੀਕ ਪਿੰਡ ਵਿਰਕ ਖ਼ੁਰਦ ਪੁੱਜੇ ਰਾਣਾ ਗੁਰਮੀਤ ਸਿੰਘ ਸੋਢੀ ਪਿੰਡ ਵਾਸੀਆਂ ਨੂੰ ਮਿਲੇ ਅਤੇ ਉਨ੍ਹਾਂ ਨੂੰ ਭਾਜਪਾ ਰੈਲੀ ਸਬੰਧੀ ਜਾਣੂ ਕਰਵਾਉਣ ਉਪਰੰਤ ਰੈਲੀ 'ਚ ਪਹੁੰਚਣ ਦੀ ਅਪੀਲ ਕੀਤੀ | ਇੱਥੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਪੇਂਡੂ ਵਰਕਰਾਂ ਨੇ ਰਾਣਾ ਗੁਰਮੀਤ ਸਿੰਘ ਸੋਢੀ ਦੀ ਅਗਵਾਈ ਹੇਠ ਭਾਜਪਾ ਵਿਚ ਸ਼ਾਮਲ ਹੋ ਕੇ ਹੁੰਗਾਰਾ ਦਿੱਤਾ | ਇਸ ਮੌਕੇ 'ਤੇ ਰਾਣਾ ਸੋਢੀ ਨੇ ਲੋਕਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਗੁਰੂਹਰਸਹਾਏ ਹਲਕੇ ਦੇ ਲੋਕਾਂ ਦੀ ਸੇਵਾ ਲਈ ਸੋਢੀ ਪਰਿਵਾਰ ਹਮੇਸ਼ਾ ਹਾਜ਼ਰ ਹੈ | ਭਾਵੇਂ ਉਹ ਫਿਰੋਜ਼ਪੁਰ ਤੋਂ ਪਿਛਲੀ ਚੋਣ ਲੜੇ ਸਨ ਪਰ ਗੁਰੂਹਰਸਹਾਏ ਦੇ ਲੋਕਾਂ ਨਾਲ ਵੀ ਪਿਆਰ ਬਣਾਈ ਰੱਖਿਆ ਸੀ | ਗੁਰੂਹਰਸਹਾਏ ਹਲਕੇ ਦੇ ਲੋਕ ਫਿਰੋਜ਼ਪੁਰ ਆ ਕੇ ਮਿਲਦੇ ਹਨ | ਉਹਨਾਂ ਕਿਹਾ ਉਨ੍ਹਾਂ ਦਾ ਮੰਤਵ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਨੂੰ ਹੱਲ ਕਰਨ ਦਾ ਹੈ, ਵਿਕਾਸ ਕਾਰਜਾਂ ਲਈ ਉਹ ਹਮੇਸ਼ਾ ਹਾਜ਼ਰ ਰਹੇ ਹਨ ਅਤੇ ਆਪਣੇ ਕਾਰਜਕਾਲ ਦੌਰਾਨ ਗੁਰੂਹਰਸਹਾਏ ਸ਼ਹਿਰ ਅਤੇ ਪਿੰਡਾਂ ਦਾ ਸਰਵਪੱਖੀ ਵਿਕਾਸ ਕਰਵਾਇਆ ਗਿਆ ਸੀ | ਆਮ ਆਦਮੀ ਪਾਰਟੀ ਦੀ ਆਲੋਚਨਾ ਕਰਦਿਆਂ ਉਹਨਾਂ ਕਿਹਾ ਇਹ ਸਰਕਾਰ ਲੋਕਾਂ ਦੀਆਂ ਆਸਾਂ 'ਤੇ ਪੂਰਾ ਨਹੀਂ ਉਤਰ ਸਕੀ ਕੋਈ ਵੀ ਵਿਕਾਸ ਦਾ ਕੰਮ ਨਹੀਂ ਹੋ ਰਿਹਾ | ਇਸ ਮੌਕੇ ਕਈ ਹੋਰ ਪਤਵੰਤੇ ਵੀ ਹਾਜ਼ਰ ਸਨ |