ਮਮਦੋਟ, 10 ਮਾਰਚ (ਸੰਗਮ)-ਰੋਜ਼ੀ ਰੋਟੀ ਕਮਾਉਣ ਲਈ ਕੁੱਝ ਸਾਲ ਪਹਿਲਾਂ ਆਸਟ੍ਰੇਲੀਆ ਗਏ ਪੰਜਾਬੀ ਟਰੱਕ ਡਰਾਈਵਰ ਜਿਸ ਦੀ ਬੀਤੇ ਦਿਨੀਂ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ, ਦੀ ਮਿ੍ਤਕ ਦੇਹ ਵੀਰਵਾਰ ਨੂੰ ਪੰਜਾਬ ਪੁੱਜੇਗੀ | ਜਾਣਕਾਰੀ ਦਿੰਦੇ ਹੋਏ ਮਿ੍ਤਕ ਰਘਬੀਰ ਸਿੰਘ ਭੁੱਲਰ ਦੇ ਭਰਾ ਪ੍ਰਗਟ ਸਿੰਘ ਭੁੱਲਰ ਅਤੇ ਉਸ ਦੇ ਦੋਸਤ ਨਸੀਬ ਸਿੰਘ ਢਿੱਲੋਂ ਨੇ ਦੱਸਿਆ ਕਿ 37 ਸਾਲਾਂ ਰਘਬੀਰ ਸਿੰਘ ਪੁੱਤਰ ਗੁਰਸ਼ਰਨ ਸਿੰਘ ਪਿੰਡ ਨਵਾਂ ਕਿੱਲਾ ਬਲਾਕ ਮਮਦੋਟ ਜੋ ਕਿ ਬਾਹਰਵੀਂ ਦੀ ਪੜ੍ਹਾਈ ਕਰਨ ਉਪਰੰਤ 2007 ਵਿਚ ਚੰਗੇ ਭਵਿੱਖ ਲਈ ਆਸਟ੍ਰੇਲੀਆ ਗਿਆ ਸੀ | ਜਿੱਥੇ ਉਸ ਨੇ ਪਰਿਵਾਰ ਸਮੇਤ ਰਹਿੰਦਿਆਂ ਪੀ.ਆਰ. ਹਾਸਿਲ ਕੀਤੀ ਅਤੇ ਮੌਜੂਦਾ ਸਮੇਂ ਉਹ ਸਿਡਨੀ ਸ਼ਹਿਰ ਵਿਚ ਰਹਿ ਕੇ ਟਰੱਕ ਡਰਾਈਵਰੀ ਕਰ ਰਿਹਾ ਸੀ | ਮਿ੍ਤਕ ਦੇ ਪਰਿਵਾਰ ਨੇ ਦੱਸਿਆ ਕਿ ਲੰਘੀ 27 ਫ਼ਰਵਰੀ ਦੀ ਸਵੇਰ ਨਿਊਕਾਸਲ ਦੇ ਐਮ-1 ਪੈਸੇਫ਼ਿਕ ਮੋਟਰਵੇਅ 'ਤੇ ਟਰੱਕ ਲੈ ਕੇ ਜਾਂਦੇ ਸਮੇਂ ਕਿਸੇ ਦੂਸਰੇ ਵਾਹਨ ਨੂੰ ਬਚਾਉਂਦਿਆਂ ਖੁਦ ਹਾਦਸੇ ਦਾ ਸ਼ਿਕਾਰ ਹੋ ਗਿਆ | ਇਸ ਦੌਰਾਨ ਟਰੱਕ ਦੇ ਪਹਾੜ ਨਾਲ ਟਕਰਾਉਣ ਕਰਕੇ ਰਘਬੀਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ | ਮਿ੍ਤਕ ਦੇ ਦੋਸਤ ਨੇ ਦੱਸਿਆ ਕਿ ਉਹ ਚਾਰ ਸਾਲਾਂ ਅਤੇ ਇਕ ਸਵਾ ਸਾਲ ਮਾਸੂਮ ਬੱਚੇ ਦਾ ਪਿਤਾ ਸੀ | ਪਰਿਵਾਰ ਮੁਤਾਬਿਕ ਆਸਟ੍ਰੇਲੀਆ ਦੇ ਪੰਜਾਬੀ ਭਾਈਚਾਰੇ ਅਤੇ ਟਰੱਕ ਡਰਾਈਵਰਾਂ ਦੇ ਸਹਿਯੋਗ ਨਾਲ ਰਘਬੀਰ ਸਿੰਘ ਦੀ ਮਿ੍ਤਕ ਦੇਹ ਦਿਨ ਵੀਰਵਾਰ 12 ਮਾਰਚ ਨੂੰ ਰਾਜਾਸਾਂਸੀ ਹਵਾਈ ਅੱਡੇ 'ਤੇ ਪੁੱਜੇਗੀ | ਜਿਸ ਉਪਰੰਤ 13 ਮਾਰਚ ਦਿਨ ਸ਼ੁੱਕਰਵਾਰ ਨੂੰ ਉਸ ਦਾ ਅੰਤਿਮ ਸੰਸਕਾਰ ਮਮਦੋਟ ਦੇ ਨੇੜਲੇ ਪਿੰਡ ਨਵਾਂ ਕਿਲਾਂ ਵਿਖੇ ਕੀਤਾ ਜਾਵੇਗਾ | ਉਕਤ ਘਟਨਾ ਕਾਰਨ ਪਿੰਡ ਵਾਸੀਆਂ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ |