ਤਲਵੰਡੀ ਭਾਈ, 11 ਮਾਰਚ (ਰਵਿੰਦਰ ਸਿੰਘ ਬਜਾਜ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੀ ਇਲਾਕੇ ਦੀ ਨਾਮਵਰ ਸੰਸਥਾ ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ ਵਿਚ ਕਾਰਜਕਾਰੀ ਪਿ੍ੰਸੀਪਲ ਰਾਜਵਿੰਦਰ ਕੌਰ ਦੀ ਅਗਵਾਈ ਵਿਚ ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਦੇ ਮੁਖੀ ਗੁਰਮਨਬੀਰ ਕੌਰ ਅਤੇ ਵੀਰਪਾਲ ਕੌਰ ਦੀ ਦੇਖ-ਰੇਖ ਹੇਠ 'ਰਿਵਾਜ' ਫ਼ੈਸ਼ਨ ਸ਼ੋਅ ਕਰਵਾਇਆ ਗਿਆ ਜਿਸ ਵਿਚ ਰਮਨਦੀਪ ਕੌਰ (ਕੈਨੇਡਾ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਦੌਰਾਨ ਪੰਜਾਬੀ ਪਹਿਰਾਵਾ ਰਾਉਂਡ ਵੈਸਟਰਨ ਰਾਉਂਡ, ਇੰਡੋ ਵੈਸਟਰਨ, ਫੁਲਕਾਰੀ ਰਾਉਂਡ ਆਦਿ ਅਤੇ ਸੋਲੋ ਡਾਂਸ ਕਰਵਾਏ ਗਏ | ਇਸ ਤੋਂ ਇਲਾਵਾ ਨੇਲ ਆਰਟ, ਮਹਿੰਦੀ, ਹੇਅਰ ਸਟਾਈਲ ਆਦਿ ਮੁਕਾਬਲੇ ਵੀ ਕਰਵਾਏ ਗਏ | ਮੁੱਖ ਮਹਿਮਾਨ ਰਮਨਦੀਪ ਕੌਰ (ਕੈਨੇਡਾ) ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥਣਾਂ ਦਾ ਹੁਨਰ, ਕਲਾ ਨਿਖਾਰਨ ਦੇ ਨਾਲ-ਨਾਲ ਉਨ੍ਹਾਂ ਦੇ ਰੋਜ਼ਗਾਰ ਦੇ ਸਾਧਨ ਵੀ ਬਣਦੇ ਹਨ | ਇਸ ਮੌਕੇ ਪਹਿਨੇ ਗਏ ਲਿਬਾਸ ਵਿਦਿਆਰਥੀਆਂ ਦੇ ਖੁਦ ਤਿਆਰ ਕੀਤੇ ਗਏ ਸਨ, ਜੋ ਕਿ ਬਹੁਤ ਹੀ ਖ਼ੁਸ਼ੀ ਵਾਲੀ ਗੱਲ ਹੈ | ਕਾਰਜਕਾਰੀ ਪਿ੍ੰਸੀਪਲ ਰਾਜਵਿੰਦਰ ਕੌਰ ਨੇ ਫ਼ੈਸ਼ਨ ਸ਼ੋਅ ਕਰਵਾਉਣ ਲਈ ਵਿਭਾਗ ਅਤੇ ਵਿਦਿਆਰਥਣਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਵਿਦਿਆਰਥਣਾਂ ਦੀ ਪ੍ਰਤਿਭਾ ਉਭਾਰਨ ਲਈ ਕਾਲਜ ਅਜਿਹੇ ਫ਼ੈਸ਼ਨ ਸ਼ੋਅ ਕਰਾਉਂਦਾ ਰਹਿੰਦਾ ਹੈ | ਜੱਜਾਂ ਦੀ ਭੂਮਿਕਾ ਗਗਨਦੀਪ ਕੌਰ, ਰੋਹਿਨੀ ਗੁਪਤਾ ਅਤੇ ਡਾ: ਸੁਖਜਿੰਦਰ ਕੌਰ ਵਲੋਂ ਨਿਭਾਈ ਗਈ | ਮੁਕਾਬਲੇ ਦੌਰਾਨ ਨੇਲ ਆਰਟ 'ਚ ਨਵਜੋਤ ਕੌਰ ਬੀ.ਏ ਭਾਗ ਪਹਿਲਾ ਨੇ ਪਹਿਲਾ ਸਥਾਨ, ਹੇਅਰ ਸਟਾਈਲ ਵਿਚ ਬੀ.ਐੱਸ.ਸੀ ਐੱਫ. ਡੀ ਭਾਗ ਤੀਜਾ ਨੇ ਪਹਿਲਾ ਅਤੇ ਮਹਿੰਦੀ ਵਿਚ ਰਾਬੀਆ ਬੀ.ਕਾਮ ਨੇ ਪਹਿਲਾ ਅਤੇ ਰਮਨਦੀਪ ਕੌਰ ਬੀ.ਐੱਸ.ਸੀ ਸਾਇੰਸ ਨੇ ਦੂਜਾ ਸਥਾਨ ਹਾਸਿਲ ਕੀਤਾ | ਰਿਵਾਜ਼ ਦੇ ਤਿੰਨ ਰਾਉਂਡ ਕਰਵਾਏ ਗਏ | ਜਿਸ ਵਿਚ ਪੰਜਾਬੀ ਪਹਿਰਾਵਾ 'ਚ ਰਮਨਦੀਪ ਕੌਰ ਬੀ.ਐੱਸ.ਸੀ.ਐੱਫ.ਡੀ ਨੇ ਤੀਜਾ, ਵੈਸਟਰਨ ਡਰੈੱਸ ਵਿਚ ਅਮਨਜੋਤ ਕੌਰ ਬੀ.ਕਾਮ ਨੇ ਪਹਿਲਾ ਅਤੇ ਇੰਡੋ ਵੈਸਟਰਨ ਵਿਚ ਮਹਿਕਪ੍ਰੀਤ ਕੌਰ ਕੰਗ ਬੀ.ਕਾਮ ਨੇ ਦੂਜਾ ਸਥਾਨ ਹਾਸਲ ਕੀਤਾ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਸਤਪਾਲ ਸਿੰਘ ਤਲਵੰਡੀ ਨੇ ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਦੇ ਇਸ ਪੋ੍ਰਗਰਾਮ ਦੀ ਸ਼ਲਾਘਾ ਕੀਤੀ |