ਫ਼ਿਰੋਜ਼ਪੁਰ, 12 ਮਾਰਚ (ਗੁਰਿੰਦਰ ਸਿੰਘ)-ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਕੈਂਸਰ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਸੁਪਰ ਸਪੈਸ਼ਲਿਟੀ ਹਸਪਤਾਲ ਮੇਦਾਂਤਾ, ਗੁਰੂਗ੍ਰਾਮ ਦੇ ਓਨਕੋਲੋਜੀ ਵਿਭਾਗ ਦੇ ਡਾ. ਰਜਤ ਰਤਨ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ | ਉਨ੍ਹਾਂ ਦੇ ਨਾਲ ਸਹਾਇਕ ਮੈਨੇਜਰ ਗਗਨਦੀਪ ਸਿੰਘ ਵੀ ਮੌਜੂਦ ਸਨ | ਕਾਲਜ ਪਹੁੰਚਣ 'ਤੇ ਚੇਅਰਮੈਨ ਧਰਮਪਾਲ ਬਾਂਸਲ, ਡਾਇਰੈਕਟਰ ਯੋਗੇਸ਼ ਬਾਂਸਲ, ਚੇਅਰਪਰਸਨ ਕਿਰਨ ਬਾਂਸਲ ਅਤੇ ਪਿ੍ੰਸੀਪਲ ਡਾ. ਸੁਮਨ ਲਤਾ ਵਲੋਂ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ | ਸਮਾਗਮ ਦੀ ਸ਼ੁਰੂਆਤ ਸਮਾਂ ਰੌਸ਼ਨ ਕਰਕੇ ਕੀਤੀ ਗਈ | ਇਸ ਦੌਰਾਨ ਡਾ. ਰਜਤ ਰਤਨ ਨੇ ਵਿਦਿਆਰਥੀਆਂ ਅਤੇ ਹਾਜ਼ਰ ਲੋਕਾਂ ਨੂੰ ਕੈਂਸਰ ਵਰਗੀ ਗੰਭੀਰ ਬਿਮਾਰੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਕੈਂਸਰ ਸਰੀਰ ਦੇ ਸੈੱਲਾਂ ਦੇ ਬੇਕਾਬੂ ਵਾਧੇ ਕਾਰਨ ਹੋਣ ਵਾਲੀ ਬਿਮਾਰੀ ਹੈ ਅਤੇ ਜੇਕਰ ਇਸ ਦੇ ਲੱਛਣਾਂ ਨੂੰ ਸਮੇਂ ਸਿਰ ਪਹਿਚਾਣ ਕੇ ਜਾਂਚ ਕਰਵਾਈ ਜਾਵੇ ਤਾਂ ਇਸ ਦਾ ਇਲਾਜ ਸੰਭਵ ਹੈ | ਉਨ੍ਹਾਂ ਕਿਹਾ ਕਿ ਸਰੀਰ ਵਿਚ ਗੰਢ ਬਣਨਾ, ਲੰਮੇ ਸਮੇਂ ਤੱਕ ਖੰਘ ਰਹਿਣਾ, ਅਚਾਨਕ ਭਾਰ ਘਟਣਾ, ਅਸਧਾਰਨ ਖ਼ੂਨ ਵਗਣਾ, ਲਗਾਤਾਰ ਕਮਜ਼ੋਰੀ ਅਤੇ ਜ਼ਖ਼ਮ ਦਾ ਲੰਮੇ ਸਮੇਂ ਤੱਕ ਠੀਕ ਨਾ ਹੋਣਾ ਕੈਂਸਰ ਦੇ ਸੰਭਾਵੀ ਲੱਛਣ ਹੋ ਸਕਦੇ ਹਨ | ਉਨ੍ਹਾਂ ਕਿਹਾ ਕਿ ਇਸ ਬਿਮਾਰੀ ਤੋਂ ਬਚਾਅ ਲਈ ਸਿਹਤਮੰਦ ਜੀਵਨ ਸ਼ੈਲੀ ਅਪਣਾਉਣਾ ਬਹੁਤ ਜ਼ਰੂਰੀ ਹੈ | ਤੰਬਾਕੂ ਅਤੇ ਨਸ਼ਿਆਂ ਤੋਂ ਦੂਰ ਰਹਿਣਾ, ਸੰਤੁਲਿਤ 'ਤੇ ਪੌਸ਼ਟਿਕ ਆਹਾਰ ਲੈਣਾ, ਨਿਯਮਿਤ ਕਸਰਤ ਕਰਨਾ ਅਤੇ ਸਮੇਂ-ਸਮੇਂ 'ਤੇ ਸਿਹਤ ਜਾਂਚ ਕਰਵਾਉਣਾ ਲਾਭਕਾਰੀ ਹੁੰਦਾ ਹੈ | ਡਾ. ਰਜਤ ਰਤਨ ਨੇ ਦੱਸਿਆ ਕਿ ਕੈਂਸਰ ਦੀ ਪਛਾਣ ਲਈ ਟਿਸ਼ੂ ਟੈੱਸਟ, ਕੰਪਿਊਟਿਡ ਟੋਮੋਗ੍ਰਾਫੀ (ਸੀ.ਟੀ. ਸਕੈਨ), ਮੈਗਨੈਟਿਕ ਰੈਜ਼ੋਨੈਂਸ (ਐਮ.ਆਰ.ਆਈ.) ਅਤੇ ਬਲੱਡ ਟੈੱਸਟ ਵਰਗੀਆਂ ਜਾਂਚਾਂ ਦੀ ਵਰਤੋਂ ਕੀਤੀ ਜਾਂਦੀ ਹੈ | ਜਿਸ ਨਾਲ ਬਿਮਾਰੀ ਦਾ ਸਮੇਂ ਸਿਰ ਪਤਾ ਲਗਾ ਕੇ ਇਲਾਜ ਸ਼ੁਰੂ ਕੀਤਾ ਜਾ ਸਕਦਾ ਹੈ | ਇਸ ਮੌਕੇ ਵਿਸ਼ੇਸ਼ ਮਹਿਮਾਨ ਪਰਮਿੰਦਰ ਥਿੰਦ ਅਤੇ ਨਰੇਸ਼ ਸ਼ਰਮਾ ਦਾ ਵੀ ਕਾਲਜ ਪ੍ਰਬੰਧਕਾਂ ਵਲੋਂ ਸਨਮਾਨ ਕੀਤਾ ਗਿਆ | ਪ੍ਰੋਗਰਾਮ ਦਾ ਸੰਚਾਲਨ ਡਾ. ਅਨੇਜਾ ਭਾਸਕਰ ਨੇ ਪਿ੍ੰਸੀਪਲ ਡਾ. ਸੁਮਨ ਲਤਾ ਦੇ ਨਿਰਦੇਸ਼ਨ ਹੇਠ ਕੀਤਾ | ਅੰਤ ਵਿਚ ਡਾ. ਸ਼ਿਖਾ ਸੀਕਰੀ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਕਾਲਜ ਦਾ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਵੀ ਵੱਡੀ ਗਿਣਤੀ ਵਿਚ ਮੌਜੂਦ ਸੀ |