ਮਮਦੋਟ, 27 ਮਾਰਚ(ਰਾਜਿੰਦਰ ਸਿੰਘ ਹਾਂਡਾ)-ਪਾਕਿਸਤਾਨੀ ਤਸਕਰਾਂ ਵਲੋਂ ਡਰੋਨਾਂ ਰਾਹੀ ਭਾਰਤੀ ਖੇਤਰ ਵਿਚ ਭੇਜੀ ਗਈ ਹੈਰੋਇਨ ਦੀ ਖੇਪ ਨੂੰ ਮਮਦੋਟ ਪੁਲਿਸ ਨੇ ਕਬਜ਼ੇ ਵਿਚ ਲੈਣ ਵਿਚ ਸਫਲਤਾ ਹਾਸਲ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਗਹਿਣਾ ਰਾਮ ਨੇ ਦੱਸਿਆਂ ਕਿ ਉਹ ਪੁਲਿਸ ਪਾਰਟੀ ਸਮੇਤ ਇਲਾਕੇ ਵਿਚ ਸ਼ੱਕੀ ਪੁਰਸ਼ਾਂ ਦੇ ਨਿਗਰਾਨੀ ਰੱਖਣ ਲਈ ਗਸ਼ਤ ਕਰ ਰਹੇ ਸਨ ਕਿ ਗੁਪਤ ਸੂਚਨਾ ਮਿਲੀ ਕਿ ਪਿੰਡ ਨਿਹਾਲਾ ਕਿਲਚਾ ਵਿਚ ਸ਼ਮਸ਼ਾਨ ਘਾਟ ਦੇ ਨਜ਼ਦੀਕ ਕੋਈ ਨਸ਼ੀਲੀ ਵਸਤੂ ਹੋ ਸਕਦੀ ਹੈ, ਜਿਸ ਦੇ ਅਧਾਰ 'ਤੇ ਉਹਨਾਂ ਵਲੋਂ ਤਲਾਸ਼ੀ ਅਭਿਆਨ ਚਲਾਇਆ ਗਿਆ | ਜਿਸ ਦੌਰਾਨ ਇਕ ਛੋਟਾ ਡਰੋਨ ਅਤੇ 520 ਗਰਾਮ ਹੈਰੋਇਨ ਬਰਾਮਦ ਹੋਈ | ਉਹਨਾਂ ਦੱਸਿਆਂ ਕਿ ਹੈਰੋਇਨ ਅਤੇ ਡਰੋਨ ਨੂੰ ਕਬਜ਼ੇ ਵਿਚ ਲੈ ਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ਼ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ |