ਫਿਰੋਜ਼ਪੁਰ, 27 ਮਾਰਚ(ਰਾਕੇਸ਼ ਚਾਵਲਾ)-ਫਿਰੋਜ਼ਪੁਰ ਮੰਡਲ ਦੇ ਟਿਕਟ ਚੈਕਿੰਗ ਸਟਾਫ਼ ਦੀ ਚੌਕਸੀ ਅਤੇ ਇਮਾਨਦਾਰੀ ਦੀ ਇਕ ਸ਼ਲਾਘਾਯੋਗ ਮਿਸਾਲ ਉਸ ਸਮੇਂ ਸਾਹਮਣੇ ਆਈ ਜਦੋਂ ਸੀ.ਆਈ.ਟੀ./ਅੰਮਿ੍ਤਸਰ ਸੁਨੀਲ ਸਲਵਾਨ ਨੇ ਯਾਤਰੀਆਂ ਦਾ ਗੁਆਚਿਆ ਹੋਇਆ ਸਮਾਨ ਸੁਰੱਖਿਅਤ ਵਾਪਸ ਮੋੜਿਆ | ਮਿਤੀ 25 ਮਾਰਚ 2026 ਨੂੰ ਰੇਲ ਗੱਡੀ ਨੰਬਰ 12716 ਵਿਚ ਬੀ-2 ਕੋਚ ਦੀ ਸੀਟ ਨੰਬਰ 30, 40 ਅਤੇ 26 'ਤੇ ਸਫ਼ਰ ਕਰ ਰਹੇ ਰੇਲ ਯਾਤਰੀਆਂ ਦਾ ਸਮਾਨ ਟਰੇਨ ਵਿਚ ਹੀ ਰਹਿ ਗਿਆ ਸੀ | 26 ਮਾਰਚ 2026 ਨੂੰ ਜਦੋਂ ਰੇਲ ਗੱਡੀ ਨੰਬਰ 12715 ਸ੍ਰੀ ਗੰਗਾਨਗਰ ਸਟੇਸ਼ਨ ਪਹੁੰਚੀ, ਤਾਂ ਸੀ.ਆਈ.ਟੀ./ਅੰਮਿ੍ਤਸਰ ਸੁਨੀਲ ਸਲਵਾਨ ਨੂੰ ਉਕਤ ਸਮਾਨ ਮਿਲਿਆ | ਸਮਾਨ ਮਿਲਣ 'ਤੇ ਸ੍ਰੀ ਸਲਵਾਨ ਨੇ ਐੱਚ.ਐੱਚ.ਟੀ. ਡਿਵਾਈਸ ਰਾਹੀਂ ਯਾਤਰੀਆਂ ਦੇ ਮੋਬਾਈਲ ਨੰਬਰ ਲੱਭੇ ਅਤੇ ਉਨ੍ਹਾਂ ਨਾਲ ਸੰਪਰਕ ਕੀਤਾ | ਉਨ੍ਹਾਂ ਨੇ ਯਾਤਰੀਆਂ ਨੂੰ ਉਨ੍ਹਾਂ ਦੇ ਸਮਾਨ ਦੇ ਸੁਰੱਖਿਅਤ ਹੋਣ ਬਾਰੇ ਜਾਣਕਾਰੀ ਦਿੱਤੀ ਅਤੇ ਅਗਲੇ ਦਿਨ ਸ੍ਰੀਗੰਗਾਨਗਰ ਸਟੇਸ਼ਨ 'ਤੇ ਸਮਾਨ ਵਾਪਸ ਕਰਨ ਦਾ ਭਰੋਸਾ ਦਿੱਤਾ | ਅਗਲੇ ਦਿਨ ਸੁਨੀਲ ਸਲਵਾਨ ਨੇ ਯਾਤਰੀਆਂ ਨੂੰ ਉਨ੍ਹਾਂ ਦਾ ਸਮਾਨ ਸੁਰੱਖਿਅਤ ਰੂਪ ਵਿਚ ਵਾਪਸ ਸੌਂਪ ਦਿੱਤਾ | ਇਸ ਸ਼ਲਾਘਾਯੋਗ ਕਾਰਜ ਨਾਲ ਨਾ ਸਿਰਫ਼ ਯਾਤਰੀਆਂ ਨੂੰ ਰਾਹਤ ਮਿਲੀ, ਸਗੋਂ ਭਾਰਤੀ ਰੇਲਵੇ ਦਾ ਇੱਕ ਹਾਂ-ਪੱਖੀ ਅਤੇ ਭਰੋਸੇਯੋਗ ਅਕਸ ਵੀ ਯਾਤਰੀਆਂ ਦੇ ਸਾਹਮਣੇ ਪੇਸ਼ ਹੋਇਆ | ਯਾਤਰੀ ਨੇ ਟਿਕਟ ਚੈਕਿੰਗ ਸਟਾਫ਼ ਦਾ ਧੰਨਵਾਦ ਕੀਤਾ | ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਇਹ ਘਟਨਾ ਰੇਲਵੇ ਕਰਮਚਾਰੀਆਂ ਦੀ ਲਗਨ, ਇਮਾਨਦਾਰੀ ਅਤੇ ਯਾਤਰੀਆਂ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ | ਇਸ ਸ਼ਲਾਘਾਯੋਗ ਕਾਰਜ ਲਈ ਉਨ੍ਹਾਂ ਨੇ ਟਿਕਟ ਚੈਕਿੰਗ ਸਟਾਫ਼ ਨੂੰ ਪ੍ਰਸੰਸਾ ਪੱਤਰ ਦੇਣ ਦਾ ਐਲਾਨ ਕੀਤਾ ਤਾਂ ਜੋ ਹੋਰ ਟਿਕਟ ਚੈਕਿੰਗ ਸਟਾਫ਼ ਵੀ ਪ੍ਰੇਰਿਤ ਹੋ ਕੇ ਅਜਿਹੇ ਨੇਕ ਕੰਮ ਕਰਨ |