ਮੱਲਾਂਵਾਲਾ, 28 ਮਾਰਚ (ਗੁਰਦੇਵ ਸਿੰਘ/ਸਰਜਨ ਸਿੰਘ ਸੰਧੂ)-ਮੱਲਾਂਵਾਲਾ ਵਿਚ ਜ਼ੀਰਾ ਰੋਡ 'ਤੇ ਬਣੀ 18 ਫੁੱਟ ਚੌੜੀ ਪੱਕੀ ਸੜਕ ਨੂੰ ਪੁੱਟ ਕੇ ਉਸ ਦੀ ਥਾਂ ਕੱਚੀ ਮਿੱਟੀ ਪਾ ਕੇ ਉੱਪਰ ਇੰਟਰਲੋਕ ਟਾਈਲਾਂ ਲਗਾਉਣ ਦੇ ਕੰਮ ਨੂੰ ਲੈ ਕੇ ਇਲਾਕਾ ਨਿਵਾਸੀਆਂ ਵਲੋਂ ਭਰਵਾਂ ਵਿਰੋਧ ਕੀਤਾ ਗਿਆ | ਮੌਕੇ 'ਤੇ ਇਕੱਠੇ ਹੋਏ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ, ਬਲਦੇਵ ਸਿੰਘ ਟੁਰਨਾ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਪੰਜਾਬ ਦੇ ਜਥੇਬੰਦਕ ਸਕੱਤਰ ਮਨਮੋਹਨ ਸਿੰਘ, ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੌੜਾ, ਪ੍ਰਗਟ ਸਿੰਘ ਆਦਿ ਨੇ ਦੋਸ਼ ਲਾਉਂਦਿਆਂ ਕਿਹਾ ਕਿ ਇਹ ਸੜਕ ਕਈ ਸਾਲਾਂ ਤੋਂ ਚੰਗੀ ਹਾਲਤ ਵਿੱਚ ਸੀ ਅਤੇ ਇਸ 'ਤੇ ਆਵਾਜਾਈ ਵੀ ਸੁਚੱਜੀ ਤਰ੍ਹਾਂ ਚੱਲ ਰਹੀ ਸੀ | ਹੁਣ ਇਸ ਨੂੰ ਤੋੜ ਕੇ ਕੱਚੀ ਮਿੱਟੀ ਪਾਉਣ ਨਾਲ ਧੂੜ ਅਤੇ ਗੰਦਗੀ ਵੱਧ ਰਹੀ ਹੈ | ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗਾਂ 'ਤੇ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਜਿੱਥੇ ਨਵੀਆਂ ਸੜਕਾਂ ਦੀ ਲੋੜ ਹੈ | ਉੱਥੇ ਧਿਆਨ ਨਹੀਂ ਦਿੱਤਾ ਜਾ ਰਿਹਾ, ਪਰ ਜਿੱਥੇ ਸੜਕ ਪਹਿਲਾਂ ਹੀ ਠੀਕ ਹੈ, ਉਸ ਨੂੰ ਤੋੜਿਆ ਜਾ ਰਿਹਾ ਹੈ | ਉਨ੍ਹਾਂ ਨੇ ਮੰਗ ਕੀਤੀ ਕਿ ਇਸ ਕੰਮ ਨੂੰ ਤੁਰੰਤ ਰੋਕਿਆ ਜਾਵੇ ਅਤੇ ਮਾਮਲੇ ਦੀ ਪੂਰੀ ਜਾਂਚ ਕਰਵਾਈ ਜਾਵੇ | ਉੱਧਰ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ | ਇਲਾਕਾ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਵਿਚ ਤੁਰੰਤ ਦਖ਼ਲ ਦੇ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ |