ਫ਼ਿਰੋਜ਼ਪੁਰ, 28 ਮਾਰਚ(ਰਾਕੇਸ਼ ਚਾਵਲਾ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਅਤੇ ਸੈਸ਼ਨ ਡਵੀਜ਼ਨ ਫ਼ਿਰੋਜ਼ਪੁਰ ਦੇ ਨਿਰੀਖਕ ਜੱਜ ਜਸਜੀਤ ਸਿੰਘ ਬੇਦੀ ਫਿਰੋਜ਼ਪੁਰ ਦੀਆਂ ਅਦਾਲਤਾਂ ਦੇ ਕੰਮਕਾਜ ਦਾ ਨਿਰੀਖਣ ਕਰਨ ਲਈ ਆਏ ਹੋਏ ਸਨ | ਬਤੌਰ ਨਿਰੀਖਕ ਜੱਜ ਜਸਟਿਸ ਬੇਦੀ ਵੱਲੋਂ ਸੈਸ਼ਨ ਡਵੀਜ਼ਨ ਫਿਰੋਜ਼ਪੁਰ ਅਧੀਨ ਜੁਡੀਸ਼ੀਅਲ ਅਤੇ ਦਫ਼ਤਰੀ ਕੰਮਾਂ ਨੂੰ ਵਾਚਿਆ ਗਿਆ | ਜਸਟਿਸ ਬੇਦੀ ਨੇ ਕੋਰਟਾਂ 'ਚ ਜਾ ਕੇ ਕੀਤੀਆਂ ਜਾ ਰਹੀਆਂ ਅਦਾਲਤੀ ਕਾਰਵਾਈਆਂ ਨੂੰ ਵੇਖਿਆ | ਦੌਰੇ ਦੌਰਾਨ ਜਸਟਿਸ ਬੇਦੀ ਆਮ ਲੋਕਾਂ ਨੂੰ ਮਿਲੇ ਅਤੇ ਉਨ੍ਹਾਂ ਨਾਲ ਵਿਚਾਰ ਸਾਂਝੇ ਕੀਤੇ | ਜਸਟਿਸ ਬੇਦੀ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਖੇ ਵੀ ਗਏ ਸਨ ਜਿੱਥੇ ਉਨ੍ਹਾਂ ਨੇ ਕੈਦੀਆਂ ਅਤੇ ਹਵਾਲਾਤੀਆਂ ਨਾਲ ਮੁਲਾਕਾਤ ਕਰ ਦਰਪੇਸ਼ ਮੁਸ਼ਕਿਲਾਂ ਸੁਣੀਆਂ ਅਤੇ ਜੇਲ੍ਹ ਅਧਿਕਾਰੀਆਂ ਨੂੰ ਜੇਲ੍ਹ ਅੰਦਰ ਬੰਦ ਵਿਅਕਤੀਆਂ ਦੇ ਸੰਵਿਧਾਨਕ ਅਧਿਕਾਰਾਂ ਦੀ ਰਾਖੀ ਕਰਨ ਲਈ ਨਿਰਦੇਸ਼ ਦਿੱਤੇ | ਫ਼ਿਰੋਜ਼ਪੁਰ ਪਹੁੰਚਣ ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਫਿਰੋਜ਼ਪੁਰ ਵਲੋਂ ਜਸਟਿਸ ਬੇਦੀ ਦੀ ਆਮਦ 'ਤੇ ਇਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਜਸਟਿਸ ਜਸਜੀਤ ਸਿੰਘ ਬੇਦੀ ਅਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਫਿਰੋਜ਼ਪੁਰ ਸੁਮੀਤ ਮਲਹੋਤਰਾ ਨੇ ਸ਼ਿਰਕਤ ਕੀਤੀ | ਸਮਾਗਮ ਦੀ ਸ਼ੁਰੂਆਤ ਵਿਚ ਬਾਰ ਦੇ ਪ੍ਰਧਾਨ ਲਵਜੀਤ ਪਾਲ ਸਿੰਘ ਟੁਰਨਾ, ਉਪ ਪ੍ਰਧਾਨ ਜੋਬਨਜੀਤ ਸਿੰਘ ਸਿੱਧੂ ਅਤੇ ਸਕੱਤਰ ਨੀਲ ਰਤਨ ਸ਼ਰਮਾ ਨੇ ਜਸਟਿਸ ਬੇਦੀ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ | ਇਸ ਮੌਕੇ 'ਤੇ ਹਾਈਕੋਰਟ ਦੇ ਜਸਟਿਸ ਜਸਜੀਤ ਸਿੰਘ ਬੇਦੀ ਨੇ ਵਕੀਲਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਜ਼ਿਲ੍ਹਾ ਅਤੇ ਸੈਸ਼ਨ ਜੱਜ ਫਿਰੋਜ਼ਪੁਰ ਸੁਮੀਤ ਮਲਹੋਤਰਾ ਦੀ ਅਗਵਾਈ ਵਿਚ ਫਿਰੋਜ਼ਪੁਰ 'ਚ ਬਾਰ ਅਤੇ ਬੈਂਚ ਦੀ ਇੱਕਜੁੱਟਤਾ ਨਾਲ ਲੋਕਾਂ ਨੂੰ ਛੇਤੀ ਨਿਆਂ ਪ੍ਰਾਪਤ ਹੋ ਰਿਹਾ ਹੈ | ਜਸਟਿਸ ਬੇਦੀ ਨੇ ਦੱਸਿਆ ਕਿ ਬਾਰ ਦੇ ਆਗੂਆਂ ਵਲੋਂ ਉਨ੍ਹਾਂ ਦੇ ਧਿਆਨ ਵਿਚ ਲਿਆਂਦੀਆਂ ਮੰਗਾਂ ਦਾ ਜਲਦ ਸਮਾਧਾਨ ਕੀਤਾ ਜਾਵੇਗਾ | ਇਸ ਮੌਕੇ 'ਤੇ ਬਾਰ ਦੇ ਆਗੂਆਂ ਨੇ ਜੱਜਾਂ ਦਾ ਧੰਨਵਾਦ ਕੀਤਾ |