ਅਬੋਹਰ, 3 ਅਪ੍ਰੈਲ (ਸੁਖਜੀਤ ਸਿੰਘ ਬਰਾੜ)-ਹਲਕਾ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵਲੋਂ ਬਿਸ਼ਨੋਈ ਭਾਈਚਾਰੇ ਦਾ ਇਤਿਹਾਸ ਪੰਜਾਬ ਸਕੂਲ ਸਿੱਖਿਆ ਬੋਰਡ ਵਿਚ ਸ਼ਾਮਿਲ ਕਰਨ ਦੀ ਮੰਗ ਨੂੰ ਲੈ ਕੇ ਬੀਤੇ ਕੱਲ੍ਹ ਫ਼ਾਜ਼ਿਲਕਾ ਵਿਖੇ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੰਗ ਪੱਤਰ ਦਿੱਤਾ ਗਿਆ | ਮੰਗ ਪੱਤਰ ਰਾਹੀਂ ਵਿਧਾਇਕ ਮੁਸਾਫਿਰ ਨੇ ਦੱਸਿਆ ਕਿ ਰੁੱਖਾਂ ਅਤੇ ਜੀਵ ਜੰਤੂਆਂ ਦੀ ਰੱਖਿਆ ਵਿਚ ਬਿਸ਼ਨੋਈ ਭਾਈਚਾਰੇ ਦਾ ਅਹਿਮ ਯੋਗਦਾਨ ਹੈ | ਇਸ ਭਾਈਚਾਰੇ ਵਲੋਂ ਰੁੱਖਾਂ ਅਤੇ ਜੀਵ ਜੰਤੂਆਂ ਦੀ ਰੱਖਿਆ ਲਈ ਦਿੱਤੀਆਂ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ | ਉਨ੍ਹਾਂ ਕਿਹਾ ਕਿ ਬਿਸ਼ਨੋਈ ਭਾਈਚਾਰਾ ਪੰਜਾਬ ਦੇ ਜ਼ਿਲ੍ਹਾ ਫ਼ਾਜ਼ਿਲਕਾ ਵਿਚ ਵੱਡੀ ਗਿਣਤੀ 'ਚ ਰਹਿੰਦਾ ਹੈ ਅਤੇ ਬਿਸ਼ਨੋਈ ਭਾਈਚਾਰੇ ਦੇ ਗੌਰਵਮਈ ਇਤਿਹਾਸ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵਿਚ ਸ਼ਾਮਿਲ ਕਰਨ ਦੀ ਤੁਰੰਤ ਇਜਾਜ਼ਤ ਦਿੱਤੀ ਜਾਵੇ |