ਅਬੋਹਰ, 3 ਅਪ੍ਰੈਲ (ਸੁਖਜੀਤ ਸਿੰਘ ਬਰਾੜ, ਵਿਵੇਕ ਹੂੜੀਆ)-ਭਾਜਪਾ ਆਗੂ ਸੁਸ਼ੀਲ ਸਿਆਗ ਢੀਂਗਾਵਾਲੀ ਨੇ ਹਲਕਾ ਬੱਲੂਆਣਾ ਦੇ ਗੜੇ੍ਹਮਾਰੀ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਉਪਰੰਤ ਪੰਜਾਬ ਸਰਕਾਰ ਤੋਂ ਕਿਸਾਨਾਂ ਲਈ ਵਿਸ਼ੇਸ਼ ਰਾਹਤ ਪੈਕੇਜ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ 31 ਮਾਰਚ ਨੂੰ ਹੋਈ ਭਾਰੀ ਗੜੇ੍ਹਮਾਰੀ ਨੇ ਵਾਢੀ ਲਈ ਤਿਆਰ ਕਣਕ, ਸਰ੍ਹੋਂ ਅਤੇ ਕਿੰਨੂ ਦੇ ਬਾਗ਼ਾਂ ਨੂੰ 100 ਫ਼ੀਸਦੀ ਤਬਾਹ ਕਰ ਦਿੱਤਾ ਹੈ, ਜਿਸ ਕਾਰਨ ਕਿਸਾਨਾਂ 'ਤੇ ਮੁਸੀਬਤਾਂ ਦਾ ਪਹਾੜ ਟੁੱਟ ਪਿਆ ਹੈ | ਸਿਆਗ ਨੇ ਕਿਹਾ ਕਿ ਅਪ੍ਰੈਲ ਦਾ ਮਹੀਨਾ ਕਿਸਾਨਾਂ ਲਈ ਵਿੱਤੀ ਸਾਲ ਦੀ ਸ਼ੁਰੂਆਤ ਹੁੰਦਾ ਹੈ, ਜਿੱਥੇ ਉਨ੍ਹਾਂ ਨੇ ਬੱਚਿਆਂ ਦੀਆਂ ਫ਼ੀਸਾਂ, ਵਿਆਹ-ਸ਼ਾਦੀਆਂ ਦੇ ਖ਼ਰਚੇ ਅਤੇ ਬੈਂਕਾਂ ਦੀਆਂ ਲਿਮਟਾਂ ਦਾ ਨਿਪਟਾਰਾ ਕਰਨਾ ਹੁੰਦਾ ਹੈ | ਫ਼ਸਲ ਬਰਬਾਦ ਹੋਣ ਕਾਰਨ ਹੁਣ ਕਿਸਾਨ ਡੂੰਘੀ ਨਿਰਾਸ਼ਾ ਵਿਚ ਹਨ | ਉਨ੍ਹਾਂ ਕਿਹਾ ਕਿ ਗੜੇਮਾਰੀ ਪ੍ਰਭਾਵਿਤ ਕਿਸਾਨਾਂ ਦੇ ਬੈਂਕਾਂ, ਫਾਈਨੈਂਸ ਕੰਪਨੀਆਂ ਅਤੇ ਸਹਿਕਾਰੀ ਸਭਾਵਾਂ ਦੇ ਕਰਜ਼ੇ ਤੁਰੰਤ ਮੁਆਫ਼ ਕੀਤੇ ਜਾਣ | ਸਾਉਣੀ ਦੀ ਅਗਲੀ ਫ਼ਸਲ ਦੀ ਬਿਜਾਈ ਲਈ ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਰਾਹੀਂ ਬੀਜ, ਖਾਦ ਅਤੇ ਡੀਜ਼ਲ ਮੁਫ਼ਤ ਮੁਹੱਈਆ ਕਰਵਾਇਆ ਜਾਵੇ | ਬੈਂਕਾਂ ਵਲੋਂ ਲਏ ਗਏ ਕਰਜ਼ਿਆਂ ਦਾ ਇਕ ਸਾਲ ਦਾ ਵਿਆਜ ਮੁਆਫ਼ ਕੀਤਾ ਜਾਵੇ | ਬਾਗ਼ਬਾਨੀ ਵਿਭਾਗ ਤੋਂ ਨੁਕਸਾਨ ਦਾ ਮੁਲਾਂਕਣ ਕਰਵਾ ਕੇ ਬਾਗ਼ਬਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ | ਭਾਜਪਾ ਆਗੂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਬਿਨਾਂ ਦੇਰੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਰਾਹਤ ਰਾਸ਼ੀ ਸਿੱਧੀ ਕਿਸਾਨਾਂ ਦੇ ਖਾਤਿਆਂ ਵਿਚ ਪਾਈ ਜਾਵੇ |