ਫ਼ਿਰੋਜ਼ਪੁਰ, 6 ਅਪ੍ਰੈਲ(ਗੁਰਿੰਦਰ ਸਿੰਘ)-ਨਵੇਂ ਵਿੱਦਿਅਕ ਸੈਸ਼ਨ 2026-27 ਦੇ ਆਗਾਜ਼ ਮੌਕੇ ਡੀ.ਸੀ.ਐਮ ਗਰੁੱਪ ਆਫ਼ ਸਕੂਲਜ਼ ਦੇ ਅਧੀਨ ਆਉਣ ਵਾਲੇ ਸਕੂਲਾਂ ਵਿਚ ਵਿਦਿਆਰਥੀਆਂ ਦਾ ਪਹਿਲੇ ਦਿਨ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ | ਇਸ ਮੌਕੇ ਸਕੂਲਾਂ ਵਿਚ ਵਿਸ਼ੇਸ਼ ਪ੍ਰਾਰਥਨਾ ਸਭਾਵਾਂ ਦਾ ਆਯੋਜਨ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਤਿਲਕ ਲਗਾ ਕੇ ਉਨ੍ਹਾਂ ਦਾ ਮਿੱਠਾ ਮੂੰਹ ਕਰਵਾਇਆ ਗਿਆ | ਦਾਸ ਐਂਡ ਬ੍ਰਾਊਨ ਵਰਲਡ ਸਕੂਲ ਦੀ ਪਿ੍ੰਸੀਪਲ ਡਾ. ਰੂਚੀ ਪਾਂਡੇ ਨੇ ਦੱਸਿਆ ਕਿ ਸਕੂਲ ਵਿਚ ਵਿਦਿਆਰਥੀਆਂ ਅਤੇ ਸਟਾਫ਼ ਵਲੋਂ ਭਗਵਾਨ ਗਣੇਸ਼ ਅਤੇ ਵਿੱਦਿਆ ਦੀ ਦੇਵੀ ਮਾਂ ਸਰਸਵਤੀ ਦੇ ਚਰਨਾਂ ਵਿਚ ਅਰਦਾਸ ਕੀਤੀ ਗਈ | ਪਹਿਲੇ ਦਿਨ ਸਕੂਲ ਆਏ ਵਿਦਿਆਰਥੀਆਂ ਦਾ ਸਟਾਫ਼ ਵਲੋਂ ਗਰਮਜੋਸ਼ੀ ਨਾਲ ਸਵਾਗਤ ਕਰਦੇ ਹੋਏ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ | ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਸਟਾਫ਼ ਨਾਲ ਜਾਣੂ ਕਰਵਾਇਆ ਗਿਆ ਅਤੇ ਆਪਸੀ ਜਾਣ-ਪਛਾਣ ਵੀ ਕਰਵਾਈ ਗਈ | ਡੀਸੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਪਿ੍ੰਸੀਪਲ ਯਾਚਨਾ ਚਾਵਲਾ ਨੇ ਖ਼ੁਦ ਵਿਦਿਆਰਥੀਆਂ ਨੂੰ ਤਿਲਕ ਲਗਾਇਆ ਅਤੇ ਇਲਾਇਚੀ ਤੇ ਮਿਸ਼ਰੀ ਖੁਆ ਕੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ | ਉਨ੍ਹਾਂ ਕਿਹਾ ਕਿ ਸਕੂਲ ਸਿਰਫ਼ ਅਕਾਦਮਿਕ ਸਿੱਖਿਆ ਹੀ ਨਹੀਂ, ਸਗੋਂ ਨੈਤਿਕ ਮੁੱਲਾਂ ਦੀ ਸਿੱਖਿਆ ਦੇਣ ਵਾਲਾ ਮੰਦਰ ਵੀ ਹੈ ਜਿੱਥੇ ਵਿਦਿਆਰਥੀ ਆਪਣੀ ਸ਼ਖ਼ਸੀਅਤ ਦਾ ਸਰਵਪੱਖੀ ਵਿਕਾਸ ਕਰਦਾ ਹੈ | ਇਸੇ ਤਰਾਂ ਡੀ.ਸੀ.ਐਮ ਇੰਟਰਨੈਸ਼ਨਲ ਸਕੂਲ ਦੀ ਪਿ੍ੰਸੀਪਲ ਅਨੁਰਾਧਾ ਚੰਦੇਲ ਨੇ ਦੱਸਿਆ ਕਿ ਨਵੇਂ ਸੈਸ਼ਨ ਦੇ ਪਹਿਲੇ ਦਿਨ ਵਿਦਿਆਰਥੀਆਂ ਨੇ ਨਵੀਂ ਕਲਾਸ ਵਿਚ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ ਹੈ, ਸਕੂਲ ਸਟਾਫ਼ ਵਲੋਂ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਕੂਲ ਦੀਆਂ ਸਹੂਲਤਾਂ ਅਤੇ ਸਟਾਫ਼ ਨਾਲ ਜਾਣੂ ਕਰਵਾਇਆ ਗਿਆ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ, ਸਭਿਆਚਾਰਕ ਗਤੀਵਿਧੀਆਂ ਅਤੇ ਹੋਰ ਸਹਿ-ਪਾਠਕ੍ਰਮਕ ਕਿਰਿਆਵਾਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ |