ਜ਼ੀਰਾ, 7 ਅਪ੍ਰੈਲ (ਪ੍ਰਤਾਪ ਸਿੰਘ ਹੀਰਾ)-ਜ਼ੀਰਾ ਇਲਾਕੇ ਵਿਚ ਲੁੱਟ ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜਿਸ ਦੀ ਇਕ ਤਾਜ਼ਾ ਮਿਸਾਲ ਉਸ ਵੇਲੇ ਸਾਹਮਣੇ ਆਈ ਬੀਤੇ ਕੱਲ ਜਦੋਂ ਭਰੇ ਬਾਜ਼ਾਰ ਵਿਚ ਤਿੰਨ ਲੁਟੇਰੇ ਇਕ ਅÏਰਤ ਤੋਂ 35000 ਹਜ਼ਾਰ ਰੁਪਏ ਅਤੇ ਦੋ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ | ਇਸ ਵਾਰਦਾਤ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਅÏਰਤ ਦੇ ਭਰਾ ਨਿਰਵੈਰ ਸਿੰਘ ਪਿੰਡ ਲੋਹਕੇ ਕਲਾਂ ਨੇ ਦੱਸਿਆ ਕਿ ਉਸ ਦੀ ਭੈਣ ਕਰਮਜੀਤ ਕੌਰ ਪਤਨੀ ਲਖਬੀਰ ਸਿੰਘ ਛੋਹਪੁਰ ਮੱਧ ਪ੍ਰਦੇਸ਼ ਤੋਂ ਉਹਨਾਂ ਨੂੰ ਮਿਲਣ ਆਈ ਹੋਈ ਸੀ ਕਿ ਬੀਤੇ ਕੱਲ ਉਹ ਸਾਡੇ ਨਾਲ ਜ਼ੀਰਾ ਵਿਖੇ ਕੁਝ ਘਰੇਲੂ ਸਮਾਨ ਦੀ ਖ਼ਰੀਦਦਾਰੀ ਕਰਕੇ ਜਦੋਂ ਅਸੀਂ ਪਿੰਡ ਵਾਪਸ ਜਾਣ ਲੱਗੇ ਤਾਂ ਘੰਟਾ ਘਰ ਚੌਂਕ ਕੋਲ ਮੈਂ ਕੁਝ ਸਮਾਨ ਲੈਣ ਲਈ ਗੱਡੀ ਚੋਂ ਉਤਰ ਗਿਆ | ਇਸ ਦੌਰਾਨ ਤਿੰਨ ਲੁਟੇਰੇ ਗੱਡੀ ਵਿਚ ਬੈਠੀ ਮੇਰੀ ਭੈਣ ਕੋਲੋਂ ਉਸ ਦਾ ਨਗਦੀ ਵਾਲਾ ਬੈਗ ਖੋਹ ਕੇ ਫ਼ਿਰੋਜ਼ਪੁਰ ਰੋਡ ਵੱਲ ਫ਼ਰਾਰ ਹੋ ਗਏ | ਜਿਸ ਵਿਚ 35000 ਨਗਦ ਅਤੇ ਦੋ ਕੀਮਤੀ ਮੋਬਾਈਲ ਫੋਨ ਸਨ | ਘਟਨਾ ਦੀ ਸੂਚਨਾ ਮਿਲਦਿਆਂ ਹੀ ਸਿਟੀ ਥਾਣਾ ਜ਼ੀਰਾ ਦੀ ਪੁਲਿਸ ਵਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ | ਜਦੋਂ ਇਸ ਸਬੰਧੀ ਸਿਟੀ ਥਾਣਾ ਜ਼ੀਰਾ ਦੇ ਐਸ.ਐਚ. ਓ ਗੁਰਜੰਟ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਦੋਸ਼ੀਆਂ ਨੂੰ ਜਲਦੀ ਗਿ੍ਫਤਾਰ ਕਰ ਲਿਆ ਜਾਵੇਗਾ | ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ ਅਤੇ ਸਥਾਨਕ ਨਿਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਬਾਜ਼ਾਰਾਂ ਵਿਚ ਪੁਲਿਸ ਦੀ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ | ਵਰਣਨਯੋਗ ਹੈ ਕਿ ਵਾਰਦਾਤ ਵਾਲੀ ਥਾਂ 'ਤੇ ਲੋਕਾਂ ਦੀ ਪੂਰੀ ਭੀੜ ਸੀ |