ਫ਼ਿਰੋਜ਼ਸ਼ਾਹ, 7 ਅਪ੍ਰੈਲ(ਸਰਬਜੀਤ ਸਿੰਘ ਧਾਲੀਵਾਲ)- ਸਰਕਾਰੀ ਪ੍ਰਾਇਮਰੀ ਸਕੂਲ ਬਜੀਦਪੁਰ ਵਿਖੇ ਪ੍ਰੀ-ਪ੍ਰਾਇਮਰੀ ਸਿੱਖਿਆ ਨੂੰ ਹੋਰ ਰੋਚਕ ਬਣਾਉਣ ਦੇ ਮਕਸਦ ਨਾਲ 'ਹੈਂਡ ਮੇਡ ਮੈਟੀਰੀਅਲ' (ਹੱਥੀਂ ਤਿਆਰ ਸਾਮਾਨ) ਦੀ ਇਕ ਵਿਸ਼ੇਸ਼ ਵਰਕਸ਼ਾਪ ਲਗਾਈ ਗਈ | ਇਸ ਵਰਕਸ਼ਾਪ ਵਿੱਚ ਤਿੰਨ ਕਲਸਟਰ ਸਕੂਲਾਂ ਮਿਸਰੀ ਵਾਲਾ, ਮਾਨਾ ਸਿੰਘ ਵਾਲਾ, ਮੱਲਵਾਲ ਕਦੀਮ ਦੇ ਪ੍ਰੀ-ਪ੍ਰਾਇਮਰੀ ਅਧਿਆਪਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਬੱਚਿਆਂ ਨੂੰ ਪੜ੍ਹਾਉਣ ਲਈ ਸਹਾਇਕ ਸਮੱਗਰੀ ਤਿਆਰ ਕੀਤੀ | ਇਸ ਮੌਕੇ ਬੀ.ਪੀ.ਈ.ਓ ਸਤੀਏ ਵਾਲਾ ਦਿਲਜੀਤ ਕੌਰ, ਬੀ.ਆਰ.ਸੀ ਹਰੀਸ਼ ਕੁਮਾਰ, ਸੁਰਿੰਦਰ ਸਿੰਘ ਗਿੱਲ, ਸੀ.ਐਚ.ਟੀ. ਨਵਦੀਪ ਕੁਮਾਰ ਨੇ ਵਿਸ਼ੇਸ਼ ਤੌਰ 'ਤੇ ਵਿਜ਼ਟ ਕੀਤਾ | ਉਨ੍ਹਾਂ ਨੇ ਅਧਿਆਪਕਾਂ ਵਲੋਂ ਤਿਆਰ ਕੀਤੇ ਗਏ ਸਾਮਾਨ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਅਜਿਹੀਆਂ ਵਰਕਸ਼ਾਪਾਂ ਬੱਚਿਆਂ ਦੇ ਬੌਧਿਕ ਵਿਕਾਸ ਲਈ ਬਹੁਤ ਜ਼ਰੂਰੀ ਹਨ | ਇਸ ਵਰਕਸ਼ਾਪ ਦੌਰਾਨ ਪ੍ਰਥਮ ਐਜੂਕੇਸ਼ਨ ਫਾਊਾਡੇਸ਼ਨ ਦੇ ਜ਼ੋਨਲ ਕੋਆਰਡੀਨੇਟਰ ਹਰਮੀਤ ਸਿੰਘ, ਅਸਿਸਟੈਂਟ ਡਿਸਟਿ੍ਕਟ ਕੋਆਰਡੀਨੇਟਰ ਹਰਜਿੰਦਰ ਸਿੰਘ ਅਤੇ ਜਰਨੈਲ ਸਿੰਘ ਦੀ ਅਗਵਾਈ ਹੇਠ ਅਧਿਆਪਕਾਂ ਨੂੰ ਹੱਥੀਂ ਸਾਮਾਨ ਤਿਆਰ ਕਰਨ ਦੀ ਸਿਖਲਾਈ ਦਿੱਤੀ ਗਈ | ਅਧਿਆਪਕਾਂ ਨੇ ਘੱਟ ਲਾਗਤ ਵਾਲੀਆਂ ਅਤੇ ਘਰਾਂ ਵਿਚ ਮੌਜੂਦ ਚੀਜ਼ਾਂ ਤੋਂ ਸੁੰਦਰ ਚਾਰਟ ਅਤੇ ਪ੍ਰੀ ਪ੍ਰਾਇਮਰੀ ਵਿਚ ਜ਼ਰੂਰੀ ਸਮਾਨ ਤਿਆਰ ਕੀਤਾ, ਜੋ ਪ੍ਰੀ-ਪ੍ਰਾਇਮਰੀ ਦੇ ਨੰਨ੍ਹੇ ਬੱਚਿਆਂ ਨੂੰ ਖੇਡ-ਖੇਡ ਵਿਚ ਸਿੱਖਣ 'ਚ ਮਦਦ ਕਰਨਗੇ | ਅਖੀਰ ਵਿਚ ਆਏ ਹੋਏ ਮਹਿਮਾਨਾਂ ਨੇ ਇਸ ਸਾਂਝੇ ਉੱਦਮ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਅਧਿਆਪਕਾਂ ਨੂੰ ਭਵਿੱਖ ਵਿਚ ਵੀ ਅਜਿਹੀ ਮਿਹਨਤ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ |