ਫਿਰੋਜ਼ਪੁਰ, 7 ਅਪ੍ਰੈਲ (ਗੁਰਿੰਦਰ ਸਿੰਘ)-ਸ਼੍ਰਰੋਮਣੀ ਅਕਾਲੀ ਦਲ ਅੰਮਿ੍ਤਸਰ ਦੀ ਇਕ ਮਹੱਤਵਪੂਰਨ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਭੁੱਲਰ ਦੇ ਗ੍ਰਹਿ ਵਿਖੇ ਹੋਈ ਜਿਸ ਵਿਚ ਪਾਰਟੀ ਦੇ ਜਰਨਲ ਸਕੱਤਰ ਹਰਪਾਲ ਸਿੰਘ ਬਲੈਅਰ ਨੇ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ 14 ਅਪ੍ਰੈਲ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਵੱਡੀ ਸਿਆਸੀ ਕਾਨਫ਼ਰੰਸ ਕਰਨ ਦਾ ਐਲਾਨ ਕੀਤਾ | ਇਸ ਮੌਕੇ ਸ. ਬਲੈਅਰ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਥਿਤੀ ਚਿੰਤਾਜਨਕ ਬਣ ਚੁੱਕੀ ਹੈ ਅਤੇ ਦਿਨੋ-ਦਿਨ ਹਾਲਾਤ ਖ਼ਰਾਬ ਹੋ ਰਹੇ ਹਨ | ਉਨ੍ਹਾਂ ਦੱਸਿਆ ਕਿ ਵਿਸਾਖੀ ਕਾਨਫ਼ਰੰਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ, ਕਿਸਾਨਾਂ ਅਤੇ ਜ਼ਿਮੀਂਦਾਰਾਂ ਦੀਆਂ ਸਮੱਸਿਆਵਾਂ, ਮਜ਼ਦੂਰ ਵਰਗ ਦੀ ਤਰਸਯੋਗ ਹਾਲਤ, ਬੇਰੁਜ਼ਗਾਰੀ ਅਤੇ ਮੁਲਾਜ਼ਮ ਵਰਗ ਦੀਆਂ ਮੁਸ਼ਕਲਾਂ ਵਰਗੇ ਮੁੱਖ ਮਸਲਿਆਂ 'ਤੇ ਵਿਸਥਾਰ ਨਾਲ ਵਿਚਾਰ-ਚਰਚਾ ਕੀਤੀ ਜਾਵੇਗੀ | ਮੀਟਿੰਗ ਦੌਰਾਨ ਪਾਰਟੀ ਦੇ ਜਨਰਲ ਸਕੱਤਰ ਗੁਰਜੰਟ ਸਿੰਘ ਕੱਟੂ ਅਤੇ ਮਾਸਟਰ ਕਰਨੈਲ ਸਿੰਘ ਨਾਰੀਕੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੋਵਾਂ ਵਲੋਂ ਪੰਜਾਬ ਦੀ ਭਲਾਈ ਲਈ ਕੋਈ ਢੁਕਵਾਂ ਕਦਮ ਨਹੀਂ ਚੁੱਕਿਆ ਗਿਆ | ਮੀਟਿੰਗ ਦੌਰਾਨ ਵਿਸਾਖੀ ਕਾਨਫ਼ਰੰਸ ਲਈ ਵੱਧ ਤੋਂ ਵੱਧ ਸੰਗਤ ਇਕੱਠੀ ਕਰਨ ਵਾਸਤੇ ਪਾਰਟੀ ਆਗੂਆਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ | ਇਸਦੇ ਨਾਲ ਹੀ ਪਾਰਟੀ ਵਿਚ ਨਵੀਆਂ ਨਿਯੁਕਤੀਆਂ ਦਾ ਵੀ ਐਲਾਨ ਕੀਤਾ ਗਿਆ ਤੇ ਗਿਆਨ ਸਿੰਘ ਮੰਡ ਅਤੇ ਲਖਵਿੰਦਰ ਸਿੰਘ ਸੁਪਰ ਵਲਟੋਹਾ ਨੂੰ ਐਗਜ਼ੈਕਟਿਵ ਮੈਂਬਰ ਨਿਯੁਕਤ ਕੀਤਾ ਗਿਆ ਜਦਕਿ ਜਸਵੰਤ ਸਿੰਘ ਮਮਦੋਟ ਨੂੰ ਜ਼ਿਲ੍ਹਾ ਫਿਰੋਜ਼ਪੁਰ ਦਾ ਸੋਸ਼ਲ ਮੀਡੀਆ ਇੰਚਾਰਜ ਬਣਾਇਆ ਗਿਆ | ਇਸੇ ਤਰ੍ਹਾਂ ਗਿਆਨੀ ਬਲਦੇਵ ਸਿੰਘ (ਬੈਟਰੀਆਂ ਵਾਲੇ) ਤਲਵੰਡੀ ਭਾਈ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ | ਮੀਟਿੰਗ ਵਿਚ ਗੁਰਚਰਨ ਸਿੰਘ ਭੁੱਲਰ ਸਮੇਤ ਕਈ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਹਾਜ਼ਰੀ ਭਰੀ ਅਤੇ ਵਿਸਾਖੀ ਕਾਨਫ਼ਰੰਸ ਨੂੰ ਸਫਲ ਬਣਾਉਣ ਲਈ ਵੱਧ ਤੋਂ ਵੱਧ ਸੰਗਤ ਲਿਆਉਣ ਦਾ ਵਿਸ਼ਵਾਸ ਦਿਵਾਇਆ |