ਫ਼ਿਰੋਜ਼ਪੁਰ, 8 ਅਪ੍ਰੈਲ(ਗੁਰਿੰਦਰ ਸਿੰਘ)-ਦਿਨੋਂ ਦਿਨ ਖ਼ੂਨੀ ਰੂਪ ਧਾਰਨ ਕਰਦੀ ਜਾ ਰਹੀ ਫ਼ਿਰੋਜ਼ਪੁਰ-ਫ਼ਾਜਿਲਕਾ ਸੜਕ 'ਤੇ ਅੱਜ ਕਾਰ ਤੇ ਐਕਟਿਵਾ ਦਰਮਿਆਨ ਹੋਏ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਜਦੋਂ ਦੂਸਰਾ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਦਾਖਲ ਕਰਵਾਇਆ ਗਿਆ | ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਮੈਡੀਕਲ ਕਾਲਜ ਫਰੀਦਕੋਟ ਰੈਫ਼ਰ ਕਰ ਦਿੱਤਾ ਗਿਆ ਹੈ | ਮਿ੍ਤਕ ਦੀ ਪਛਾਣ ਹਰਪ੍ਰੀਤ ਸਿੰਘ ਉਰਫ਼ ਹੈਪੀ (21) ਪੁੱਤਰ ਰਜਿੰਦਰ ਸਿੰਘ ਵਾਸੀ ਸਮਾਰਟ ਕਾਲੋਨੀ ਫਿਰੋਜ਼ਪੁਰ ਸ਼ਹਿਰ ਵਜੋਂ ਜਦੋਂ ਕਿ ਜ਼ਖ਼ਮੀ ਸੁਮਿਤ ਕੁਮਾਰ ਹਸਪਤਾਲ ਵਿਚ ਜੇਰੇ ਇਲਾਜ਼ ਹੈ | ਹਾਦਸੇ ਉਪਰੰਤ ਕਾਰ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ ਦੱਸਿਆ ਜਾ ਰਿਹਾ ਹੈ | ਪਰਿਵਾਰਿਕ ਮੈਂਬਰਾਂ ਅਨੁਸਾਰ ਹਰਪ੍ਰੀਤ ਸਿੰਘ ਅਤੇ ਸੁਮਿਤ ਕੁਮਾਰ ਫਿਰੋਜ਼ਪੁਰ ਤੋਂ ਐਕਟਿਵਾ ਨੰਬਰ ਪੀ.ਬੀ 05 ਏ.ਟੀ 1461 'ਤੇ ਸਵਾਰ ਹੋ ਕੇ ਕਿਸੇ ਭੋਗ ਵਿਚ ਸ਼ਾਮਿਲ ਹੋਣ ਲਈ ਜਾ ਰਹੇ ਸਨ ਕਿ ਜਦੋਂ ਉਹ ਪੀਰ ਬਲੌਰ ਨੇੜੇ ਪਿੰਡ ਛੀਬੀ ਵਾਲਾ ਕੋਲ ਪਹੁੰਚੇ ਤਾਂ ਅੱਗੋਂ ਦੂਜੀ ਕਾਰ ਨੂੰ ਓਵਰਟੇਕ ਕਰਦੀ ਤੇਜ਼ ਰਫ਼ਤਾਰ ਆ ਰਹੀ ਕਾਰ ਨੰਬਰ ਪੀ.ਬੀ 15 ਵੀ 7265 ਨਾਲ ਸਿੱਧੀ ਜਾ ਟਕਰਾਈ | ਪ੍ਰਤੱਖ ਦਰਸ਼ੀਆਂ ਅਨੁਸਾਰ ਟੱਕਰ ਏਨੀ ਭਿਆਨਕ ਸੀ ਕਿ ਕਾਰ ਤੇ ਐਕਟਿਵਾ ਖੇਤਾਂ ਵਿਚ ਜਾ ਡਿੱਗੀਆਂ | ਐਕਟਿਵਾ ਦੇ ਪਿੱਛੇ ਬੈਠੇ ਹਰਪ੍ਰੀਤ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ | ਜਦੋਂ ਜ਼ਖ਼ਮੀ ਸੁਮਿਤ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਦਾਖਲ ਕਰਵਾਇਆ ਗਿਆ | ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਮੈਡੀਕਲ ਕਾਲਜ ਫਰੀਦਕੋਟ ਰੈਫ਼ਰ ਕਰ ਦਿੱਤਾ ਗਿਆ ਹੈ | ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਮਿ੍ਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਭੇਜ ਦਿੱਤਾ ਗਿਆ ਹੈ | ਪੁਲਿਸ ਵਲੋਂ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |