ਫਿਰੋਜ਼ਪੁਰ,8 ਅਪ੍ਰੈਲ (ਸੁਖਵਿੰਦਰ ਸਿੰਘ)-ਨਾਮਧਾਰੀ ਸੰਸਥਾ ਦੇ ਆਗੂ ਅਖੌਤੀ ਬਾਬੇ ਠਾਕਰ ਦਲੀਪ ਸਿੰਘ ਵਲੋਂ ਦਿੱਤੇ ਵਿਵਾਦਿਤ ਬਿਆਨ ਦੇ ਵਿਰੋਧ 'ਚ ਲਗਭਗ ਸਾਰੀਆਂ ਸਿੱਖ ਜਥੇਬੰਦੀਆਂ ਦੇ ਨਾਲ ਨਾਲ ਗੈਰ ਸਿੱਖ ਸੰਸਥਾਵਾਂ ਵੀ ਹੁਣ ਡਟ ਗਈਆਂ ਹਨ | ਇਸ ਸਬੰਧੀ ਫ਼ਿਰੋਜ਼ਪੁਰ ਵਿਖੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸਿੱਖ ਕੌਮ ਦੀ ਜੁਝਾਰੂ ਜਥੇਬੰਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਅਖੌਤੀ ਨਾਮਧਾਰੀ ਬਾਬੇ ਵਿਰੁੱਧ ਤੁਰੰਤ ਸੰਗਤਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦਾ ਕੇਸ ਦਰਜ ਕੀਤਾ ਜਾਵੇ | ਉਹਨਾਂ ਕਿਹਾ ਹੈ ਕਿ ਸਮੁੱਚੀ ਮਨੁੱਖਤਾ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਦੀ ਉਪਾਧੀ ਦੇ ਕੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਆਪ ਮੱਥਾ ਟੇਕਿਆ ਸੀ ਅਤੇ ਸਮੁੱਚੀ ਸਿੱਖ ਕੌਮ ਨੂੰ ਇਹ ਆਦੇਸ਼ ਦਿੱਤਾ ਸੀ ਕਿ ਅੱਜ ਤੋਂ ਬਾਅਦ ਕੋਈ ਵੀ ਦੇਹਧਾਰੀ ਗੁਰੂ ਨਹੀਂ ਹੋਵੇਗਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਗੁਰੂ ਹੋਣਗੇ ਅਤੇ ਸਮੁੱਚੀ ਮਨੁੱਖਤਾ ਨੇ ਇਹਨਾਂ ਨੂੰ ਹੀ ਗੁਰੂ ਮੰਨਣਾ ਹੈ, ਪਰ ਨਾਮਧਾਰੀ ਅਖੌਤੀ ਬਾਬੇ ਦਲੀਪ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਆਦੇਸ਼ ਨੂੰ ਚੈਲੰਜ ਕੀਤਾ ਹੈ | ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਹੈ ਕਿ 9 ਅਪ੍ਰੈਲ ਨੂੰ ਸਮੁੱਚੀਆਂ ਸਿੱਖ ਜਥੇਬੰਦੀਆਂ ਡਿਪਟੀ ਕਮਿਸ਼ਨਰ ਨੂੰ ਇਸ ਸਬੰਧੀ ਮੰਗ ਪੱਤਰ ਦੇ ਰਹੀਆਂ ਹਨ ਜੇ ਫਿਰ ਵੀ ਕੋਈ ਕਾਰਵਾਈ ਨਾ ਹੋਈ ਤਾਂ ਸਾਰੀਆਂ ਸਿੱਖ ਜਥੇਬੰਦੀਆਂ ਇਕ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ | ਉਹਨਾਂ ਦੇਸ਼ ਦੇ ਪ੍ਰਧਾਨ ਮੰਤਰੀ, ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਤੋਂ ਮੰਗ ਕੀਤੀ ਕੀ ਸੰਗਤਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਇਸ ਅਖੌਤੀ ਬਾਬੇ 'ਤੇ ਕੇਸ ਤੁਰੰਤ ਦਰਜ ਕਰਨ | ਇਸ ਸਮੇਂ ਸੁਖਦੇਵ ਸਿੰਘ ਲਾਡਾ, ਉਡੀਕ ਸਿੰਘ ਕੁੰਡੇ, ਗਗਨਦੀਪ ਸਿੰਘ ਚਾਵਲਾ, ਮਨਜੀਤ ਸਿੰਘ ਅÏਲਖ, ਜਰਨੈਲ ਸਿੰਘ ਗਾਬੜੀਆ, ਡਾ. ਗੁਰਮੀਤ ਸਿੰਘ, ਜਸਬੀਰ ਸਿੰਘ ਤੇਗ਼ਾ ਸਿੰਘ ਵਾਲਾ, ਹਰਜਿੰਦਰ ਸਿੰਘ ਬੱਗਾ, ਕੁਲਦੀਪ ਸਿੰਘ ਨੰਢਾ, ਜਸਬੀਰ ਸਿੰਘ ਜੱਸ, ਕੁਲਦੀਪ ਸਿੰਘ ਲੋਕੋ, ਮਿਹਰ ਸਿੰਘ ਕਲਸੀ, ਗੁਰਜੀਤ ਸਿੰਘ, ਕਿਰਨਦੀਪ ਸਿੰਘ ਪੱਲ੍ਹਾ, ਸੁਰਜੀਤ ਸਿੰਘ ਸੰਧੂ ਸਮੇਤ ਹੋਰ ਵੀ ਕਈ ਆਗੂ ਹਾਜ਼ਰ ਸਨ |