ਫਿਰੋਜ਼ਪੁਰ, 8 ਅਪ੍ਰੈਲ (ਰਾਕੇਸ਼ ਚਾਵਲਾ)-ਫਿਰੋਜ਼ਪੁਰ ਵਿਚ ਦਾਜ ਦੀ ਮੰਗ ਪੂਰੀ ਨਾ ਹੋਣ 'ਤੇ ਸਹੁਰੇ ਪਰਿਵਾਰ ਵਲੋਂ ਇਕ ਵਿਆਹੁਤਾ ਦੀ ਕੁੱਟਮਾਰ ਕਰਕੇ ਉਸ ਨੂੰ ਘਰੋਂ ਬਾਹਰ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਕਾਰਵਾਈ ਕਰਦਿਆਂ ਥਾਣਾ ਵੁਮੈਨ ਫਿਰੋਜ਼ਪੁਰ ਦੀ ਪੁਲਿਸ ਨੇ ਪੀੜਤਾ ਦੇ ਪਤੀ ਸਮੇਤ ਸਹੁਰੇ ਪਰਿਵਾਰ ਦੇ ਤਿੰਨ ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਿਕਾਇਤਕਰਤਾ ਨੇਹਾ ਰਾਣੀ ਪੁੱਤਰੀ ਚਿਮਨ ਸਿੰਘ ਵਾਸੀ ਬਸਤੀ ਬੰਦੀ ਵਾਲਾ ਨੇ ਪੁਲਿਸ ਨੂੰ ਦਿੱਤੀ ਦਰਖਾਸਤ ਵਿਚ ਦੱਸਿਆ ਕਿ ਉਸ ਦਾ ਵਿਆਹ ਸਾਲ 2023 ਵਿਚ ਕੁਲਵਿੰਦਰ ਸਿੰਘ ਵਾਸੀ ਬਸਤੀ ਗੋਬਿੰਦਗੜ੍ਹ, ਗੁਰੂਹਰਸਹਾਏ ਨਾਲ ਹੋਇਆ ਸੀ | ਨੇਹਾ ਨੇ ਦੱਸਿਆ ਕਿ ਵਿਆਹ ਸਮੇਂ ਉਸ ਦੇ ਮਾਤਾ-ਪਿਤਾ ਨੇ ਆਪਣੀ ਸਮਰੱਥਾ ਤੋਂ ਵੱਧ ਦਾਜ ਦਿੱਤਾ ਸੀ ਪਰ ਵਿਆਹ ਦੇ ਕੁਝ ਸਮੇਂ ਬਾਅਦ ਹੀ ਪਤੀ ਕੁਲਵਿੰਦਰ ਸਿੰਘ, ਸੱਸ ਪਰੀਤੋ ਬੀਬੀ ਅਤੇ ਸਹੁਰਾ ਫੌਜਾ ਸਿੰਘ ਘੱਟ ਦਾਜ ਦਾ ਮਿਹਣਾ ਮਾਰਨ ਲੱਗੇ | ਜਦੋਂ ਉਸ ਨੇ ਹੋਰ ਦਾਜ ਲਿਆਉਣ ਤੋਂ ਇਨਕਾਰ ਕੀਤਾ ਤਾਂ ਉਕਤ ਤਿੰਨਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਧੱਕੇ ਮਾਰ ਕੇ ਘਰੋਂ ਕੱਢ ਦਿੱਤਾ | ਪੁਲਿਸ ਵਲੋਂ ਪੜਤਾਲੀਆ ਰਿਪੋਰਟ ਨੰਬਰ ਯੂ.ਆਈ.ਡੀ 702041 ਦੇ ਆਧਾਰ 'ਤੇ ਕੀਤੀ ਗਈ ਛਾਣਬੀਣ ਤੋਂ ਬਾਅਦ ਦੋਸ਼ਾਂ ਨੂੰ ਸਹੀ ਪਾਇਆ ਗਿਆ | ਏ.ਐੱਸ.ਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਕੁਲਵਿੰਦਰ ਸਿੰਘ ਪਤੀ, ਪਰੀਤੋ ਬੀਬੀ ਸੱਸ ਅਤੇ ਫੌਜਾ ਸਿੰਘ ਸਹੁਰਾ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |