ਤਲਵੰਡੀ ਭਾਈ, 8 ਅਪ੍ਰੈਲ(ਕੁਲਜਿੰਦਰ ਸਿੰਘ ਗਿੱਲ)-ਬੀਤੇ ਦਿਨ ਅਤੇ ਲੰਘੀ ਰਾਤ ਪਏ ਮੀਂਹ ਨੇ ਜਿੱਥੇ ਇਸ ਖੇਤਰ ਵਿਚ ਫਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ ਉੱਥੇ ਚੱਲੇ ਚੱਕਰਵਾਤ ਕਾਰਨ ਇੱਥੇ ਚੋਟੀਆਂ ਖ਼ੁਰਦ ਰੋਡ 'ਤੇ ਸਥਿਤ ਕੰਵਰ ਕੋਲਡ ਸਟੋਰ ਅੰਦਰ ਵੀ ਨੁਕਸਾਨ ਹੋਣ ਦੀ ਸੂਚਨਾ ਮਿਲੀ ਹੈ | ਕੰਵਰ ਕੋਲਡ ਸਟੋਰ ਤਲਵੰਡੀ ਭਾਈ ਦੇ ਸੰਚਾਲਕ ਬਲਜੀਤ ਸਿੰਘ ਬਰਾੜ ਨੇ ਦੱਸਿਆ ਕਿ ਲੰਘੀ ਰਾਤ ਉੱਠੇ ਚੱਕਰਵਾਤ ਕਾਰਨ ਉਨ੍ਹਾਂ ਕੋਲਡ ਸਟੋਰ ਦੀ ਚਾਰਦੀਵਾਰੀ 'ਤੇ ਲੱਗੀਆਂ ਜਿਸਤ ਦੀਆਂ ਚਾਦਰਾਂ ਡਿਗ ਪਈਆਂ ਅਤੇ ਵੱਡੀ ਗਿਣਤੀ ਵਿਚ ਚਾਦਰਾਂ ਉੱਡ ਗਈਆਂ | ਉਨ੍ਹਾਂ ਕਿਹਾ ਕਿ ਚਾਦਰਾਂ ਦੇ ਟੁੱਟਣ ਕਾਰਨ ਕੋਲਡ ਸਟੋਰ ਅੰਦਰ ਲੱਗੇ ਸੋਲਰ ਦਾ ਵੀ ਨੁਕਸਾਨ ਹੋਇਆ ਹੈ | ਜਦਕਿ ਕੋਲਡ ਸਟੋਰ ਦੇ ਜਨਰੇਟਰ ਰੂਮ ਦੀ ਛੱਤ ਅਤੇ ਕੁਝ ਬਾਰੀਆਂ ਤੇ ਦਰਵਾਜ਼ੇ ਵੀ ਟੁੱਟ ਗਏ | ਇਸ ਖੇਤਰ ਅੰਦਰ ਭਾਰੀ ਬਰਸਾਤ ਹੋਣ ਕਾਰਨ ਤਮਾਮ ਖੇਤਰ ਵਿਚ ਕਣਕ ਦੀ ਫਸਲ ਡਿਗ ਪਈ ਹੈ ਅਤੇ ਕਈ ਥਾਈਾ ਨੀਵੇਂ ਖੇਤਾਂ ਵਿਚ ਪਾਣੀ ਭਰਨ ਕਾਰਨ ਕਣਕ ਦੀ ਫਸਲ ਡੁੱਬ ਗਈ | ਜਿਸ ਕਾਰਨ ਕਿਸਾਨਾਂ ਦੀ ਸਮੁੱਚੀ ਫਸਲ ਬਰਬਾਦ ਹੋ ਗਈ | ਇਸ ਖੇਤਰ ਦੇ ਕਿਸਾਨ ਆਗੂ ਬਲਜਿੰਦਰ ਸਿੰਘ ਬੱਬੀ ਫ਼ਿਰੋਜ਼ਸ਼ਾਹ ਸੂਬਾ ਉਪ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਕੁਲਵਿੰਦਰ ਸਿੰਘ ਸੇਖੋਂ ਜ਼ਿਲ੍ਹਾ ਪੈੱ੍ਰਸ ਸਕੱਤਰ, ਸ਼ਵਿੰਦਰ ਸਿੰਘ ਲੱਲੇ, ਮੇਲਾ ਸਿੰਘ ਭੋਲੂਵਾਲਾ, ਸਰਬਜੀਤ ਸਿੰਘ ਲੱਲੇ, ਗੁਰਮੇਲ ਸਿੰਘ ਪਤਲੀ, ਰਾਜਿੰਦਰਪਾਲ ਸਿੰਘ ਲਾਡਾ ਸੁਲਹਾਨੀ ਆਦਿ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੀਂਹ ਦੀ ਮਾਰ ਕਾਰਨ ਹੋਏ ਨੁਕਸਾਨ ਲਈ ਗਿਰਦਾਵਰੀ ਕਰਕੇ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ |