ਫ਼ਿਰੋਜ਼ਪੁਰ, 8 ਅਪ੍ਰੈਲ (ਰਾਕੇਸ਼ ਚਾਵਲਾ)-ਅੱਜ ਦੁਪਹਿਰ ਸਮੇਂ ਕੋਰਟ ਕੰਪਲੈਕਸ ਬਾਹਰ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਪੁਲਿਸ ਨੇ ਇਕ ਸਰਦਾਰ ਨੌਜਵਾਨ ਨੂੰ ਜਬਰੀ ਗੱਡੀ ਵਿਚ ਸੁੱਟ ਕੇ ਲਿਜਾਣ ਦੀ ਬਹੁਤ ਕੋਸ਼ਿਸ਼ ਕੀਤੀ | ਜਿਸ ਵਿਚ ਨੌਜਵਾਨ ਲੜਕੇ ਨੇ ਕਾਫ਼ੀ ਜੱਦੋ ਜਹਿਦ ਕਰਦੇ ਹੋਏ ਪੁਲਿਸ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ | ਮਿਲੀ ਜਾਣਕਾਰੀ ਅਨੁਸਾਰ ਦੁਪਹਿਰ ਸਮੇਂ ਕੁਝ ਪੁਲਿਸ ਵਾਲਿਆਂ ਵਲੋਂ ਆਪਣੀ ਸਰਕਾਰੀ ਗੱਡੀ ਵਿਚ ਇਕ ਨੌਜਵਾਨ ਜਿਸ ਦਾ ਨਾਂਅ ਲਵਪ੍ਰੀਤ ਸਿੰਘ ਦੱਸਿਆ ਜਾਂਦਾ ਹੈ, ਨੂੰ ਧੱਕੇ ਨਾਲ ਆਪਣੀ ਗੱਡੀ ਵਿਚ ਸੁੱਟਣ ਦੀ ਕੋਸ਼ਿਸ਼ ਕੀਤੀ ਗਈ | ਹਾਲਾਂਕਿ ਪੁਲਿਸ ਵਾਲੇ ਉਕਤ ਨੌਜਵਾਨ ਨੂੰ ਗੱਡੀ ਵਿਚ ਸੁੱਟਣ 'ਚ ਕਾਮਯਾਬ ਹੋ ਚੱਲੇ ਸਨ, ਪਰ ਨੌਜਵਾਨ ਨੇ ਹਿੰਮਤ ਵਿਖਾਉਂਦੇ ਪੁਲਿਸ ਨਾਲ ਪੂਰੀ ਜ਼ੋਰ ਅਜਮਾਇਸ਼ ਕੀਤੀ ਗਈ ਅਤੇ ਉਕਤ ਨੌਜਵਾਨ ਉੱਚੀ ਉੱਚੀ ਆਵਾਜ਼ ਦੇ ਕੇ ਰਿਹਾ ਕਿ ਮੇਰੇ ਉੱਪਰ ਕਿਹੜੇ ਕੇਸ ਹੈ | ਤੁਸੀਂ ਮੈਨੂੰ ਧੱਕੇ ਨਾਲ ਲੈ ਚੱਲੇ ਜੇ | ਇਨ੍ਹਾਂ ਸੁਣਦੇ ਹੀ ਲੋਕਾਂ ਦਾ ਹਜੂਮ ਇਕੱਠਾ ਹੋ ਗਿਆ ਅਤੇ ਪੁਲਿਸ ਵਾਲਿਆਂ ਨੂੰ ਹੱਥਾਂ ਪੈਰਾਂ ਪੈ ਗਈ | ਦੱਸਿਆ ਜਾਂਦਾ ਕਿ ਉਕਤ ਨੌਜਵਾਨ ਦੇ ਵਕੀਲ ਨੇ ਪੁਲਿਸ ਦੀ ਧੱਕੇਸ਼ਾਹੀ ਵਿਰੁੱਧ ਜੁਡੀਸ਼ੀਅਲ ਅਫਸਰ ਤੱਕ ਵੀ ਪਹੁੰਚ ਕੀਤੀ | ਜਿਸ ਦੇ ਚੱਲਦੇ ਹੋਏ ਪੁਲਿਸ ਵਾਲੇ ਆਪਣੀ ਕੋਸ਼ਿਸ਼ ਵਿਚ ਅਸਫਲ ਹੋ ਗਏ ਅਤੇ ਨੌਜਵਾਨ ਨੂੰ ਛੱਡ ਕੇ ਚਲੇ ਗਏ |