ਖੋਸਾ ਦਲ ਸਿੰਘ, 12 ਅਪ੍ਰੈਲ(ਮਨਪ੍ਰੀਤ ਸਿੰਘ ਸੰਧੂ)-ਗੁਆਂਢੀ ਮੁਲਕ ਪਾਕਿਸਤਾਨ 'ਚ ਬੈਠੇ ਨਸ਼ਾ ਤਸਕਰਾਂ ਵਲੋਂ ਭਾਰਤ ਅੰਦਰ ਨਸ਼ੇ ਦੀ ਤਸਕਰੀ ਲਈ ਅਪਣਾਈ ਜਾ ਰਹੀ ਡਰੋਨ ਵਿਧੀ ਨਾਲ ਜੁੜਿਆ ਇਕ ਮਾਮਲਾ ਜ਼ੀਰਾ ਦੇ ਪਿੰਡ ਕੋਹਾਲਾ ਨੇੜੇ ਸਾਹਮਣੇ ਆਇਆ | ਜਿੱਥੇ ਆਪਣੀ ਕਣਕ ਦੀ ਕਟਾਈ ਕਰ ਰਹੇ ਇਕ ਕਿਸਾਨ ਨੇ ਆਪਣੀ ਕਣਕ ਦੀ ਫ਼ਸਲ ਵਿਚ ਇਕ ਡਰੋਨ ਅਤੇ ਹੈਰੋਇਨ ਦਾ ਪੈਕਟ ਦੇਖਿਆ | ਜਿਸ ਤੋਂ ਬਾਅਦ ਉਸ ਵਲੋਂ ਤੁਰੰਤ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ | ਜਾਣਕਾਰੀ ਅਨੁਸਾਰ ਪਿੰਡ ਕੋਹਾਲਾ ਨਿਵਾਸੀ ਗੁਰਜੰਟ ਸਿੰਘ ਪੁੱਤਰ ਠਾਣਾ ਸਿੰਘ ਪਿੰਡ ਭੜਾਣਾ ਤੋਂ ਕੋਹਾਲਾ ਜਾਂਦੀ ਸੜਕ ਦੇ ਨਜ਼ਦੀਕ ਆਪਣੇ ਖੇਤ 'ਚ ਕਣਕ ਦੀ ਫਸਲ ਦੀ ਕਟਾਈ ਲਈ ਸਾਈਡਾਂ ਤੋਂ ਬੰਨੇ ਵੱਢਣ ਲਈ ਲੇਬਰ ਲਗਾ ਰਿਹਾ ਸੀ | ਉਕਤ ਲੇਬਰ ਵਲੋਂ ਕਿਸਾਨ ਨੂੰ ਸੂਚਿਤ ਕੀਤਾ ਗਿਆ ਉਪਰੰਤ ਕਿਸਾਨ ਨੇ ਨਜ਼ਦੀਕੀ ਪੁਲਿਸ ਥਾਣਾ ਮੱਲਾਂਵਾਲਾ ਨੂੰ ਸੂਚਿਤ ਕੀਤਾ ਅਤੇ ਪੁਲਿਸ ਨੇ ਉਕਤ ਪੈਕਟ ਅਤੇ ਡਰੋਨ ਖੇਤ ਵਿਚੋਂ ਬਰਾਮਦ ਕਰ ਲਿਆ | ਸੂਤਰਾਂ ਅਨੁਸਾਰ ਪੈਕਟ ਵਿਚ ਤਕਰੀਬਨ 7 ਕਿੱਲੋ ਦੇ ਕਰੀਬ ਹੈਰੋਇਨ ਹੋਣ ਦਾ ਖ਼ਦਸ਼ਾ ਹੈ ਅਤੇ ਉਕਤ ਡਰੋਨ ਨਾਲ ਆਇਆ ਹੋ ਸਕਦਾ ਹੈ | ਮੌਕੇ ਦੇ ਹਾਲਾਤ ਦੇਖ ਕੇ ਇਹ ਲੱਗਦਾ ਹੈ ਕਿ ਇਹ ਡਰੋਨ ਅਤੇ ਨਸ਼ਾ ਪੁਰਾਣਾ ਹੋ ਸਕਦਾ ਹੈ, ਹੋ ਸਕਦਾ ਹੈ ਕਿ ਧੁੰਦਾਂ ਦੌਰਾਨ ਪਾਕਿਸਤਾਨ ਬੈਠੇ ਨਸ਼ਾ ਤਸਕਰਾਂ ਵਲੋਂ ਭਾਰਤ ਅੰਦਰ ਇਹ ਹੈਰੋਇਨ ਦੀ ਖੇਪ ਭੇਜਣ ਲਈ ਡਰੋਨ ਉਡਾਇਆ ਗਿਆ ਹੋਵੇ ਅਤੇ ਉਹ ਧੁੰਦ ਅਤੇ ਮੌਸਮ ਦੀ ਖ਼ਰਾਬੀ ਕਾਰਨ ਸ਼ਾਇਦ ਭਟਕ ਕੇ ਖੇਤਾਂ ਵਿਚ ਆਣ ਡਿੱਗਿਆ ਹੋਵੇ | ਖ਼ਬਰ ਲਿਖੇ ਜਾਣ ਤੱਕ ਮੱਲਾਂਵਾਲਾ ਪੁਲਿਸ ਥਾਣਾ ਮੁਖੀ ਜਤਿੰਦਰ ਸਿੰਘ ਅਤੇ ਡੀ.ਐੱਸ.ਪੀ.ਜ਼ੀਰਾ ਮੌਕੇ ਤੋਂ ਉਕਤ ਸਮਾਨ ਬਰਾਮਦ ਕਰ ਲਿਜਾ ਚੁੱਕੇ ਸਨ ਅਤੇ ਉਨ੍ਹਾਂ ਵਲੋਂ ਅਗਲੇਰੀ ਕਾਰਵਾਈ ਜਾਰੀ ਸੀ |