ਮੁੱਦਕੀ, 12 ਅਪ੍ਰੈਲ (ਭਾਰਤ ਭੂਸ਼ਨ ਅਗਰਵਾਲ)-ਪਿੰਡ ਕੋਟ ਕਰੋੜ ਕਲਾਂ ਤੋਂ ਲੱਲੇ ਤੱਕ ਜਾਂਦੀ ਸੜਕ ਰਾਹਗੀਰਾਂ ਲਈ ਸਿਰਦਰਦੀ ਬਣੀ ਹੋਈ ਹੈ ਅਤੇ ਸੜਕ ਦੇ ਦੋਨਾਂ ਪਾਸੇ ਟੁੱਟ ਜਾਣ ਕਾਰਨ ਹੇਠੋਂ ਪੱਥਰ ਨਿਕਲ ਕੇ ਉੱਪਰ ਆ ਗਿਆ ਹੈ | ਜਿਸ ਕਾਰਨ ਉੱਥੋਂ ਲੰਘਣ ਸਮੇਂ ਖ਼ਾਸ ਕਰਕੇ ਮੋਟਰਸਾਈਕਲ ਸਵਾਰ ਹਾਦਸੇ ਦਾ ਸ਼ਿਕਾਰ ਹੋ ਰਹੇ ਹਨ | ਇਸ ਸਬੰਧੀ ਸਰਪੰਚ ਸੂਬੇਦਾਰ ਜਸਵਿੰਦਰ ਸਿੰਘ ਅਤੇ ਅਕਾਲੀ ਦਲ ਬਾਦਲ ਦੇ ਜਥੇਬੰਦਕ ਸਕੱਤਰ ਸਤਵਿੰਦਰ ਸਿੰਘ ਬਿੰਦਰ ਪ੍ਰਧਾਨ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਸੀ ਕਿ ਹਾੜ੍ਹੀ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਇਸ ਸੜਕ ਨੂੰ ਬਣਾਇਆ ਜਾਂਦਾ, ਪ੍ਰੰਤੂ ਇਸ ਸੜਕ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਇਹ ਸੜਕ ਅੱਗੇ ਹੋਰਨਾਂ ਪਿੰਡਾਂ ਨੂੰ ਆਪਸ ਵਿਚ ਮਿਲਾਉਂਦੀ ਹੈ | ਜਿਸ ਕਰਕੇ ਇਸ ਸੜਕ 'ਤੇ ਵਾਹਨਾਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ | ਉਨ੍ਹਾਂ ਮੰਗ ਕੀਤੀ ਕਿ ਇਸ ਸੜਕ ਨੂੰ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਅਧੀਨ ਲਿਆ ਕੇ ਦੁਬਾਰਾ ਬਣਵਾਇਆ ਜਾਵੇ | ਇਸ ਤੋਂ ਇਲਾਵਾ ਸੜਕ ਦੇ ਦੋਨਾਂ ਪਾਸੇ ਬਰਮਾਂ ਦੇ ਕਬਜ਼ੇ ਛੁਡਾ ਕੇ ਸੜਕ ਨਾਲ ਮਿਲਾਇਆ ਜਾਵੇ | ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਦੇ ਮੰਤਰੀ ਅਤੇ ਵਿਧਾਇਕ ਲੋਕਾਂ ਨੂੰ ਰੋਜ਼ਾਨਾ ਝੂਠੇ ਸੁਪਨੇ ਦਿਖਾ ਰਹੇ ਹਨ, ਜਦੋਂ ਕਿ ਹਕੀਕਤ ਵਿਚ ਕੁਝ ਵੀ ਨਹੀਂ ਕੀਤਾ ਜਾ ਰਿਹਾ |