ਜ਼ੀਰਾ, 12 ਅਪ੍ਰੈਲ(ਹਰਜੀਤ ਸਿੰਘ ਗਿੱਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜਿਆਂ ਦੇ ਵਿਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਰਕਾਰੀ ਹਾਈ ਸਕੂਲ ਮਨਸੂਰਦੇਵਾ (ਜ਼ੀਰਾ) ਦੀ ਵਿਦਿਆਰਥਣ ਵਲੋਂ ਪੰਜਾਬ ਪੱਧਰੀ ਮੈਰਿਟ ਵਿਚ 8ਵਾਂ ਸਥਾਨ ਹਾਸਿਲ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਅਧਿਆਪਕ ਮਾਸਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਅੱਠਵੀਂ ਜਮਾਤ ਦੀ ਵਿਦਿਆਰਥਣ ਜਸਦੀਪ ਕੌਰ ਪੁੱਤਰੀ ਬੂਟਾ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅੱਠਵੀਂ ਜਮਾਤ ਦੇ ਨਤੀਜਿਆਂ ਵਿਚ 600 ਵਿਚੋਂ 592 ਅੰਕ ਹਾਸਲ ਕਰਕੇ 98.67 ਪ੍ਰਤੀਸ਼ਤ ਅੰਕਾਂ ਦੇ ਨਾਲ ਪੰਜਾਬ ਸਟੇਟ ਮੈਰਿਟ ਵਿਚ ਅੱਠਵਾਂ ਰੈਂਕ ਅਤੇ ਜ਼ਿਲ੍ਹਾ ਫਿਰੋਜ਼ਪੁਰ ਵਿਚੋਂ ਦੂਜਾ ਰੈਂਕ ਹਾਸਿਲ ਕੀਤਾ ਹੈ | ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਅਰਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸਰਕਾਰੀ ਹਾਈ ਸਕੂਲ ਮਨਸੂਰ ਦੇਵਾ ਵਲੋਂ ਪੜ੍ਹਾਈ ਵਿਚ ਆਪਣੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਵਿਦਿਆਰਥਣ ਜਸਦੀਪ ਕੌਰ ਅਤੇ ਉਸ ਦੇ ਮਾਪਿਆਂ ਨੂੰ ਇਸ ਵੱਡੀ ਪ੍ਰਾਪਤੀ 'ਤੇ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ |