ਫਿਰੋਜ਼ਪੁਰ, 12 ਅਪ੍ਰੈਲ (ਰਾਕੇਸ਼ ਚਾਵਲਾ)-ਫਿਰੋਜ਼ਪੁਰ ਵਿਚ ਦਾਜ ਦੇ ਲੋਭੀਆਂ ਵਲੋਂ ਇਕ ਵਿਆਹੁਤਾ ਨੂੰ ਤੰਗ-ਪ੍ਰੇਸ਼ਾਨ ਕਰਨ ਅਤੇ ਕੁੱਟਮਾਰ ਕਰਕੇ ਘਰੋਂ ਬਾਹਰ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਕਾਰਵਾਈ ਕਰਦਿਆਂ ਥਾਣਾ ਵੁਮੈਨ ਫਿਰੋਜ਼ਪੁਰ ਦੀ ਪੁਲਿਸ ਨੇ ਪੀੜ੍ਹਤਾ ਦੇ ਪਤੀ ਅਤੇ ਸੱਸ ਵਿਰੁੱਧ ਬੀ.ਐੱਨ.ਐੱਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ | ਏ.ਐੱਸ.ਆਈ. ਹਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੀ ਸ਼ਿਕਾਇਤ ਨੰਬਰ ਯੂਆਈਡੀ-708395 ਵਿਚ ਕਿਰਨਦੀਪ ਕੌਰ ਪਤਨੀ ਹੀਰਾ ਸਿੰਘ ਵਾਸੀ ਰਸੂਲਪੁਰ (ਮੱਖੂ) ਨੇ ਦੱਸਿਆ ਕਿ ਉਸ ਦਾ ਵਿਆਹ ਸਾਲ 2024 ਵਿਚ ਅਨਮੋਲਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਟਿੱਬੀ ਖ਼ੁਰਦ, ਮਮਦੋਟ ਨਾਲ ਹੋਇਆ ਸੀ | ਪੀੜਤਾ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਨੇ ਵਿਆਹ ਸਮੇਂ ਆਪਣੀ ਹੈਸੀਅਤ ਤੋਂ ਵੱਧ ਦਾਜ ਦਿੱਤਾ ਸੀ, ਪਰ ਉਸ ਦਾ ਪਤੀ ਅਨਮੋਲਦੀਪ ਸਿੰਘ ਅਤੇ ਸੱਸ ਗੁਰਜੀਤ ਕੌਰ ਦਿੱਤੇ ਗਏ ਦਾਜ ਤੋਂ ਸੰਤੁਸ਼ਟ ਨਹੀਂ ਸਨ | ਸਹੁਰੇ ਪਰਿਵਾਰ ਵਲੋਂ ਲਗਾਤਾਰ ਹੋਰ ਦਾਜ ਦੀ ਮੰਗ ਕੀਤੀ ਜਾ ਰਹੀ ਸੀ | ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਪਤੀ ਅਤੇ ਸੱਸ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ | ਮਾਮਲੇ ਦੀ ਪੜਤਾਲ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ |