ਗੁਰੂਹਰਸਹਾਏ, 12 ਅਪ੍ਰੈਲ (ਹਰਚਰਨ ਸਿੰਘ ਸੰਧੂ, ਕਪਿਲ ਕੰਧਾਰੀ)-ਉਪਮੰਡਲ ਦੇ ਪਿੰਡ ਬਹਾਦਰ ਕੇ ਵਿਖੇ ਸ਼ਹੀਦ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਮੀਡੀਅਮ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਪਹੁੰਚੇ | ਟੂਰਨਾਮੈਂਟ ਵਿਚ ਇਲਾਕੇ ਦੀਆਂ ਵੱਖ-ਵੱਖ ਟੀਮਾਂ ਨੇ ਭਾਗ ਲਿਆ | ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਖੇਡਾਂ ਮਨੁੱਖ ਨੂੰ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰਦੀਆਂ ਹਨ ਅਤੇ ਜੀਵਨ ਵਿਚ ਅਨੁਸ਼ਾਸਨ, ਏਕਤਾ ਅਤੇ ਮਿਹਨਤ ਦੀ ਭਾਵਨਾ ਪੈਦਾ ਕਰਦੀਆਂ ਹਨ | ਉਨ੍ਹਾਂ ਨੇ ਕਿਹਾ ਕਿ ਅਜਿਹੇ ਖੇਡ ਮੇਲੇ ਨੌਜਵਾਨਾਂ ਨੂੰ ਗ਼ਲਤ ਰਾਹ ਤੋਂ ਦੂਰ ਰੱਖਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਇਸ ਤੋਂ ਇਲਾਵਾ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਵਲੋਂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਲਈ 21,000 ਰੁਪਏ ਦੀ ਨਕਦ ਰਕਮ ਟੂਰਨਾਮੈਂਟ ਕਮੇਟੀ ਨੂੰ ਸੌਂਪੀ ਗਈ | ਇਸ ਮੌਕੇ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਟੂਰਨਾਮੈਂਟ ਦੇ ਸਫਲ ਆਯੋਜਨ ਲਈ ਪਿੰਡ ਦੀ ਕਮੇਟੀ ਅਤੇ ਸਮੂਹ ਪਿੰਡ ਵਾਸੀਆਂ ਦੀ ਭੂਮਿਕਾ ਕਾਬਿਲ-ਏ-ਤਾਰੀਫ਼ ਰਹੀ | ਇਸ ਮੌਕੇ ਵੱਡੀ ਗਿਣਤੀ ਵਿਚ ਦਰਸ਼ਕ ਵੀ ਮੌਜੂਦ ਰਹੇ |