ਫਿਰੋਜ਼ਪੁਰ, 13 ਅਪ੍ਰੈਲ(ਸੁਖਵਿੰਦਰ ਸਿੰਘ)-ਜ਼ਿਲ੍ਹਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਮੋਟਰਸਾਈਕਲ ਚੋਰੀ ਅਤੇ ਮੋਬਾਈਲ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਸ਼ਾਤਿਰ ਚੋਰ ਨੂੰ ਕਾਬੂ ਕੀਤਾ ਗਿਆ | ਇਸ ਸੰਬੰਧੀ ਡੀ.ਐਸ.ਪੀ. ਸਿਟੀ ਸੁਖਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਖ਼ਬਰੀ ਦੇ ਆਧਾਰ 'ਤੇ ਕੀਤੀ ਗਈ ਰੇਡ ਦੌਰਾਨ ਐਸ.ਐਚ ਓ ਸੁਖਚੈਨ ਮਹਿਤਾ ਅਤੇ ਸਹਾਇਕ ਥਾਣੇਦਾਰ ਜਗਰੂਪ ਸਿੰਘ ਨੇ ਦੋਸ਼ੀ ਨੂੰ ਇਕ ਸੁੰਨਸਾਨ ਥਾਂ ਤੋਂ ਘੇਰਾ ਪਾ ਕੇ ਗਿ੍ਫ਼ਤਾਰ ਕੀਤਾ | ਉਨ੍ਹਾਂ ਦੱਸਿਆ ਕਿ ਦੋਸ਼ੀ ਕੋਲੋਂ ਇਕ ਮੋਟਰਸਾਈਕਲ ਮਿਲਿਆ | ਪੁੱਛਗਿੱਛ ਦੌਰਾਨ ਖ਼ੁਲਾਸਾ ਹੋਇਆ ਕਿ ਉਹ ਵੱਖ-ਵੱਖ ਥਾਵਾਂ ਤੋਂ ਮੋਟਰਸਾਈਕਲਾਂ ਚੋਰੀ ਕਰਕੇ ਸੁੰਨਸਾਨ ਥਾਵਾਂ ਜਾਂ ਝਾੜੀਆਂ ਵਿਚ ਲੁਕਾ ਕੇ ਰੱਖਦਾ ਸੀ | ਬਾਅਦ ਵਿਚ ਮੌਕਾ ਦੇਖ ਕੇ ਉਹਨਾਂ ਨੂੰ ਉੱਥੋਂ ਕੱਢ ਕੇ ਉਨ੍ਹਾਂ ਦੇ ਪਾਰਟ ਖੋਲ੍ਹ ਕੇ ਵੱਖ-ਵੱਖ ਥਾਵਾਂ 'ਤੇ ਵੇਚ ਦਿੰਦਾ ਸੀ, ਤਾਂ ਜੋ ਕਿਸੇ ਨੂੰ ਵੀ ਚੋਰੀ ਦਾ ਪਤਾ ਨਾ ਲੱਗ ਸਕੇ | ਪੁਲਿਸ ਨੇ ਦੋਸ਼ੀ ਦੀ ਨਿਸ਼ਾਨਦੇਹੀ 'ਤੇ 11 ਮੋਟਰਸਾਈਕਲ, 2 ਵੱਡੇ ਬੈਟਰੇ ਅਤੇ 8 ਮੋਬਾਈਲ ਫੋਨ ਬਰਾਮਦ ਕੀਤੇ ਹਨ, ਜੋ ਕਿ ਸਨੈਚਿੰਗ ਰਾਹੀਂ ਹਾਸਲ ਕੀਤੇ ਗਏ ਸਨ | ਜਾਂਚ ਵਿਚ ਸਾਹਮਣੇ ਆਇਆ ਕਿ ਦੋਸ਼ੀ ਵਜੀਦਪੁਰ ਅਤੇ ਜ਼ਿਲ੍ਹੇ ਦੇ ਹੋਰ ਕਈ ਇਲਾਕਿਆਂ ਵਿਚ ਵਾਰਦਾਤਾਂ ਕਰਦਾ ਸੀ ਅਤੇ ਇਕ ਥਾਂ ਤੋਂ ਬਾਅਦ ਦੂਜੀ ਥਾਂ ਜਾ ਕੇ ਅਪਰਾਧ ਕਰਦਾ ਸੀ ਤਾਂ ਜੋ ਪੁਲਿਸ ਨੂੰ ਪਤਾ ਨਾ ਲੱਗ ਸਕੇ | ਡੀ.ਐਸ.ਪੀ. ਨੇ ਕਿਹਾ ਕਿ ਮਾਮੂਲੀ ਪੁੱਛਗਿੱਛ ਵਿਚ ਦੋਸ਼ੀ ਨੇ ਇਕੱਲੇ ਹੀ ਵਾਰਦਾਤਾਂ ਕਰਨ ਦੀ ਗੱਲ ਕਬੂਲੀ ਹੈ, ਹਾਲਾਂਕਿ ਪੁਲਿਸ ਉਸ ਦਾ ਰਿਮਾਂਡ ਲੈ ਕੇ ਹੋਰ ਖ਼ੁਲਾਸੇ ਕਰਨ ਦੀ ਕੋਸ਼ਿਸ਼ ਕਰੇਗੀ | ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦਾ ਸਾਫ਼ ਸੁਨੇਹਾ ਹੈ ਕਿ ਅਪਰਾਧ ਕਰਨ ਵਾਲੇ ਬਚ ਨਹੀਂ ਸਕਦੇ ਅਤੇ ਉਨ੍ਹਾਂ ਨੂੰ ਜਲਦੀ ਕਾਨੂੰਨ ਦੇ ਘੇਰੇ ਵਿਚ ਲਿਆਂਦਾ ਜਾਵੇਗਾ | ਪੁਲਿਸ ਸਿਰਫ਼ ਦੋਸ਼ੀਆਂ ਨੂੰ ਗਿ੍ਫ਼ਤਾਰ ਹੀ ਨਹੀਂ ਕਰਦੀ, ਸਗੋਂ ਉਨ੍ਹਾਂ ਨੂੰ ਸਜ਼ਾ ਦਿਵਾਉਣ ਲਈ ਵੀ ਪੂਰੀ ਕੋਸ਼ਿਸ਼ ਕਰਦੀ ਹੈ | ਡੀ.ਐਸ.ਪੀ. ਨੇ ਦੱਸਿਆ ਕਿ ਬਰਾਮਦ ਮੋਟਰਸਾਈਕਲਾਂ ਨੂੰ ਅਸਲ ਮਾਲਕਾਂ ਤੱਕ ਪਹੁੰਚਾਉਣ ਲਈ ਖਾਸ ਟੀਮ ਬਣਾਈ ਗਈ ਹੈ, ਜੋ ਇੰਜਨ ਨੰਬਰ, ਚੈਸੀ ਨੰਬਰ ਅਤੇ ਹੋਰ ਤਕਨੀਕੀ ਜਾਣਕਾਰੀ ਦੇ ਆਧਾਰ 'ਤੇ ਵਾਹਨਾਂ ਦੀ ਪਹਿਚਾਣ ਕਰਦੀ ਹੈ | ਮੋਬਾਈਲ ਫੋਨਾਂ ਦੇ ਮਾਮਲੇ ਵਿਚ ਵੀ ਇਸੇ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ |