ਫ਼ਿਰੋਜ਼ਪੁਰ, 14 ਅਪ੍ਰੈਲ (ਸੋਢੀ)-ਪਿਛਲੇ ਦਿਨੀ ਪੰਜਾਬ ਵਿਚ ਪਏ ਮੀਂਹ ਅਤੇ ਹੋਈ ਗੜੇਮਾਰੀ ਨਾਲ ਕਣਕ ਦੀ ਫ਼ਸਲ ਦੇ ਨਾਲ ਸਬਜ਼ੀਆਂ ਦਾ ਭਾਰੀ ਨੁਕਸਾਨ ਹੋਇਆ ਹੈ ਤੇ ਹੁਣ ਕਿਸਾਨਾਂ ਨੂੰ ਸਰਕਾਰ ਦੀਆਂ ਮਾੜੀਆਂ ਪਾਲਿਸੀਆਂ ਕਰਕੇ ਮੰਡੀਆਂ ਵਿਚ ਪਈ ਫ਼ਸਲ ਨਾਲ ਰੁਲਣਾ ਪੈ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਕਰਮੂਵਾਲਾ ਨੇ ਪੈੱ੍ਰਸ ਬਿਆਨ ਜਾਰੀ ਕਰਦੇ ਹੋਏ ਕੀਤਾ | ਉਨ੍ਹਾਂ ਦੱਸਿਆ ਕਿ ਚਾਹੇ ਮੰਡੀਆਂ ਵਿਚ ਕਣਕ ਆਏ ਹੋਏ ਇੱਕ ਹਫ਼ਤਾ ਹੋ ਗਿਆ ਹੈ ਪਰ ਸਰਕਾਰੀ ਖ਼ਰੀਦ ਸ਼ੁਰੂ ਨਹੀਂ ਹੋਈ, ਜਿਸ ਨੇ ਸਰਕਾਰ ਦੇ 1 ਅਪ੍ਰੈਲ ਤੋਂ ਖ਼ਰੀਦ ਸ਼ੁਰੂ ਕਰਨ ਦੇ ਦਾਅਵਿਆਂ ਨੂੰ ਖੋਖਲਾ ਸਾਬਤ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਅੱਜ 14 ਅਪ੍ਰੈਲ ਤੱਕ 13 ਦਿਨ ਬੀਤ ਗਏ ਹਨ ਤੇ ਖ਼ਰੀਦ ਸ਼ੁਰੂ ਨਹੀਂ ਹੋਈ ਹੈ ਤੇ ਬਾਰਦਾਣਾ ਵੀ ਨਹੀਂ ਪਹੁੰਚਿਆ ਹੈ | ਉਨ੍ਹਾਂ ਦੱਸਿਆ ਕਿ ਮੰਡੀਆਂ ਦਾ ਦੌਰਾ ਕਰਨ ਤੇ ਜਦ ਉਨ੍ਹਾਂ ਵਲੋਂ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਅੱਗੋਂ ਦੱਸਿਆ ਗਿਆ ਕਿ ਖ਼ਰੀਦ ਏਜੰਸੀਆਂ ਮੰਡੀਆਂ ਵਿਚ ਆਈਆਂ ਸਨ | ਜਿਨ੍ਹਾਂ ਵਲੋਂ ਕਣਕ ਦੇ ਸੈਂਪਲ ਭਰ ਕੇ ਕੇਂਦਰ ਸਰਕਾਰ ਨੂੰ ਭੇਜੇ ਗਏ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਕਣਕ ਵਿਚ 14 ਪ੍ਰਤੀਸ਼ਤ ਡਿਸਕਲਰ ਜਾਂ ਪਿਚਕਿਆ ਦਾਣਾ ਹੈ, ਇਸ ਲਈ ਪੰਜਾਬ ਨੂੰ ਹਰਿਆਣਾ ਵਾਂਗ ਛੂਟ ਦਿੱਤੀ ਜਾਵੇ |