08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਐਮੀਨੈਂਸ ਸਕੂਲ ਦੇ ਅਧਿਆਪਕ ਮਰਦਮਸ਼ੁਮਾਰੀ ਡਿਊਟੀ ਕਾਰਨ ਉਲਝਣ 'ਚ

Ad Position 21
No active advertisement
ਅਜੀਤ ਡੈਸਕ 16-04-2026
ਫ਼ਿਰੋਜ਼ਪੁਰ, 15 ਅਪ੍ਰੈਲ (ਗੁਰਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਵਿਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਜਾਰੀ ਕੀਤੀਆਂ ਹਦਾਇਤਾਂ ਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅਧਿਆਪਕਾਂ ਦੀਆਂ ਵਾਧੂ ਡਿਊਟੀਆਂ ਲਗਾਏ ਜਾਣ ਕਾਰਨ ਅਧਿਆਪਕ ਵਰਗ ਵਿਚ ਗੰਭੀਰ ਉਲਝਣ ਪੈਦਾ ਹੋ ਗਈ ਹੈ | ਵਿੱਦਿਅਕ ਵਰ੍ਹੇ ਦੀ ਸ਼ੁਰੂਆਤ ਵਿਚ ਹੀ ਮਰਦਮਸ਼ੁਮਾਰੀ 2027 ਲਈ ਸਕੂਲ ਅਧਿਆਪਕਾਂ ਨੂੰ ਤਾਇਨਾਤ ਕਰਨ ਦੇ ਫ਼ੈਸਲੇ ਨਾਲ ਸਿੱਖਿਆ ਕਾਰਜ ਪ੍ਰਭਾਵਿਤ ਹੋਣ ਦਾ ਖ਼ਤਰਾ ਬਣ ਗਿਆ ਹੈ | ਜ਼ਿਕਰਯੋਗ ਹੈ ਕਿ ਡਾਇਰੈਕਟੋਰੇਟ ਆਫ਼ ਸਕੂਲ ਸਿੱਖਿਆ (ਸੈਕੰਡਰੀ) ਪੰਜਾਬ ਵਲੋਂ 2 ਅਪ੍ਰੈਲ ਨੂੰ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਸਪਸ਼ਟ ਹੁਕਮ ਜਾਰੀ ਕੀਤੇ ਗਏ ਸਨ ਕਿ ਸਕੂਲ ਆਫ਼ ਐਮੀਨੈਂਸ ਦੇ ਲੈਕਚਰਾਰਾਂ ਅਤੇ ਮਾਸਟਰ ਕਾਡਰ ਦੇ ਅਧਿਆਪਕਾਂ ਨੂੰ ਪੜ੍ਹਾਈ ਤੋਂ ਇਲਾਵਾ ਹੋਰ ਕਿਸੇ ਵੀ ਤਰ੍ਹਾਂ ਦੀ ਡਿਊਟੀ 'ਤੇ ਨਾ ਲਗਾਇਆ ਜਾਵੇ ਪਰ ਇਸ ਦੇ ਉਲਟ ਸੈਂਸਸ ਚਾਰਜ ਅਫ਼ਸਰ-ਕਮ-ਤਹਿਸੀਲਦਾਰ, ਫ਼ਿਰੋਜ਼ਪੁਰ ਵਲੋਂ ਬੀਤੇ ਦਿਨ ਜਾਰੀ ਆਦੇਸ਼ਾਂ ਅਨੁਸਾਰ ਸਕੂਲ ਆਫ਼ ਐਮੀਨੈਂਸ ਫਿਰੋਜ਼ਪੁਰ ਤੇ ਮਮਦੋਟ ਦੇ 53 ਅਧਿਆਪਕਾਂ ਸਮੇਤ ਵੱਖ-ਵੱਖ ਸਕੂਲਾਂ ਦੇ 204 ਅਧਿਆਪਕਾਂ ਨੂੰ ਭਾਰਤ ਸਰਕਾਰ ਵਲੋਂ ਕਰਵਾਈ ਜਾ ਰਹੀ ਮਰਦਮਸ਼ੁਮਾਰੀ 2027 ਦੇ ਪਹਿਲੇ ਪੜਾਅ ਲਈ ਸੁਪਰਵਾਈਜ਼ਰ ਨਿਯੁਕਤ ਕਰ ਦਿੱਤਾ ਗਿਆ ਹੈ | ਇਨ੍ਹਾਂ ਅਧਿਆਪਕਾਂ ਨੂੰ ਡੀ.ਸੀ. ਕੰਪਲੈਕਸ, ਫ਼ਿਰੋਜ਼ਪੁਰ ਛਾਉਣੀ ਵਿਖੇ ਤੁਰੰਤ ਹਾਜ਼ਰੀ ਦੇਣ ਲਈ ਕਿਹਾ ਗਿਆ ਹੈ ਅਤੇ ਨਾਲ ਹੀ ਚੇਤਾਵਨੀ ਦਿੱਤੀ ਗਈ ਹੈ ਕਿ ਇਹ ਡਿਊਟੀ ਜਨਗਣਨਾ ਐਕਟ 1948 ਅਧੀਨ ਲਗਾਈ ਗਈ ਹੈ | ਦੂਜੇ ਪਾਸੇ, ਸਿੱਖਿਆ ਵਿਭਾਗ ਵਲੋਂ ਇਹ ਵੀ ਦਰਸਾਇਆ ਗਿਆ ਹੈ ਕਿ ਸਕੂਲ ਆਫ਼ ਐਮੀਨੈਂਸ ਵਿਚ 9ਵੀਂ ਅਤੇ 11ਵੀਂ ਜਮਾਤ ਲਈ ਦਾਖ਼ਲਾ ਪ੍ਰਕਿਰਿਆ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਹੈ | ਇਸ ਦੌਰਾਨ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਪਛਾਣ, ਕਾਉਂਸਲਿੰਗ ਅਤੇ ਮੈਪ ਸਕੂਲਾਂ ਦੇ ਦੌਰੇ ਵਰਗੀਆਂ ਵਾਧੂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਹਨ | ਇਸ ਤਰ੍ਹਾਂ ਵੱਖ-ਵੱਖ ਵਿਭਾਗਾਂ ਵਲੋਂ ਜਾਰੀ ਵਿਰੋਧਭਾਸ਼ੀ ਹੁਕਮਾਂ ਕਾਰਨ ਅਧਿਆਪਕ ਇਹ ਫ਼ੈਸਲਾ ਕਰਨ ਵਿਚ ਅਸਮਰਥ ਹਨ ਕਿ ਉਹ ਕਿਸ ਦੇ ਹੁਕਮਾਂ ਦੀ ਪਾਲਣਾ ਕਰਨ | ਅਧਿਆਪਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੱਚਿਆਂ ਦੀ ਪੜ੍ਹਾਈ ਨੂੰ ਪਹਿਲ ਦਿੰਦੇ ਹੋਏ ਉਨ੍ਹਾਂ ਨੂੰ ਗੈਰ-ਸਿੱਖਿਆ ਸੰਬੰਧੀ ਡਿਊਟੀਆਂ ਤੋਂ ਮੁਕਤ ਰੱਖਿਆ ਜਾਵੇ | ਇਸ ਸਬੰਧੀ ਡੀ.ਟੀ.ਐੱਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਫ਼ਿਰੋਜ਼ਪੁਰ ਦੇ ਪ੍ਰਧਾਨ ਮਲਕੀਤ ਸਿੰਘ ਹਰਾਜ ਨੇ ਕਿਹਾ ਕਿ ਅਧਿਆਪਕਾਂ ਦੀਆਂ ਡਿਊਟੀਆਂ ਲਗਾਤਾਰ ਗੈਰ ਵਿੱਦਿਅਕ ਕੰਮਾਂ 'ਤੇ ਲਗਾਈਆਂ ਜਾ ਰਹੀਆਂ ਹਨ | ਇਸ ਨਾਲ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ | ਇਸ ਲਈ ਡੀ.ਟੀ.ਐਫ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਅਧਿਆਪਕਾਂ ਦੀ ਡਿਊਟੀ ਕਿਸੇ ਵੀ ਗੈਰ ਵਿੱਦਿਅਕ ਕੰਮ ਵਿਚ ਨਾ ਲਗਾਈ ਜਾਵੇ ਤਾਂ ਜੋ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ |
Ad Position 22
No active advertisement
ਪਿਛਲੀ ਖ਼ਬਰ ਆਪ ਆਗੂ ਗਰੋਵਰ ਨੇ ਸ਼ਹਿਰ ਵਾਸੀਆਂ ਨੂੰ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਅਤੇ ਵਿਕਾਸ ਪ੍ਰਤੀ ਕਾਰਜਾਂ ਤੋਂ ਕਰਵਾਇਆ... ਅਗਲੀ ਖ਼ਬਰ ਭਾਜਪਾ ਵਲੋਂ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਮਨਾਇਆ
Ad Position 24