ਫ਼ਿਰੋਜ਼ਪੁਰ,16 ਅਪ੍ਰੈਲ ( ਸੋਢੀ)-ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਪੰਜਾਬ ਦੀਆਂ ਹਦਾਇਤਾਂ ਅਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਫ਼ਿਰੋਜ਼ਪੁਰ ਦੀ ਨਿਗਰਾਨੀ ਹੇਠ ਮੂੰਹ ਖੂਰ (ਐੱਫ.ਐੱਮ.ਡੀ) ਵੈਕਸੀਨੇਸ਼ਨ ਦਾ 8ਵਾਂ ਰਾਊਾਡ ਜ਼ਿਲ੍ਹੇ ਵਿਚ ਸ਼ੁਰੂ ਹੋ ਗਿਆ ਹੈ | ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡਾ. ਲਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਵੈਕਸੀਨੇਸ਼ਨ ਮੁਹਿੰਮ ਕੈਂਪੇਨ ਮੋਡ ਵਿਚ ਚਲਾਈ ਜਾ ਰਹੀ ਹੈ ਅਤੇ ਇਸ ਨੂੰ 45 ਦਿਨਾਂ ਵਿਚ ਪੂਰਾ ਕਰ ਲਿਆ ਜਾਵੇਗਾ | ਇਸ ਮੁਹਿੰਮ ਤਹਿਤ ਜ਼ਿਲ੍ਹੇ ਭਰ ਦੇ ਸਾਰੀਆਂ ਗਾਵਾਂ ਅਤੇ ਮੱਝਾਂ ਨੂੰ ਐਨੀਮਲ ਹਸਬੈਂਡਰੀ ਵਿਭਾਗ ਦੀਆਂ ਟੀਮਾਂ ਵਲੋਂ ਪਸ਼ੂ ਪਾਲਕਾਂ ਦੇ ਘਰਾਂ ਤੱਕ ਜਾ ਕੇ ਵੈਕਸੀਨ ਲਗਾਈ ਜਾਵੇਗੀ | ਉਨ੍ਹਾਂ ਕਿਹਾ ਕਿ ਵੈਕਸੀਨੇਸ਼ਨ ਮੁਹਿੰਮ ਦਾ ਮੁੱਖ ਉਦੇਸ਼ ਪਸ਼ੂਆਂ ਨੂੰ ਖੁਰ ਅਤੇ ਮੂੰਹ ਦੀ ਬਿਮਾਰੀ ਤੋਂ ਬਚਾਉਣਾ ਹੈ ਅਤੇ ਜੜੋਂ੍ਹ ਖ਼ਤਮ ਕਰਨਾ ਹੈ | ਉਨ੍ਹਾਂ ਵਲੋਂ ਪਸ਼ੂ ਪਾਲਕਾਂ ਨੂੰ ਬੇਨਤੀ ਕੀਤੀ ਗਈ ਕਿ ਉਹ ਵੈਕਸੀਨੇਸ਼ਨ ਕਰਨ ਆਈਆਂ ਟੀਮਾਂ ਨਾਲ ਪੂਰਾ ਸਹਿਯੋਗ ਕਰਨ ਅਤੇ ਆਪਣੇ ਪਿੰਡਾਂ ਦੀਆਂ ਸਾਰੀਆਂ ਗਾਵਾਂ ਅਤੇ ਮੱਝਾਂ ਨੂੰ ਵੈਕਸੀਨ ਲਗਵਾਉਣ | ਜਾਣਕਾਰੀ ਸਾਂਝੀ ਕੀਤੀ ਕਿ ਐਨੀਮਲ ਹਸਬੈਂਡਰੀ ਵਿਭਾਗ ਫ਼ਿਰੋਜ਼ਪੁਰ ਵਲੋਂ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੈਕਸੀਨ ਦਾ ਲੋੜੀਂਦਾ ਸਟਾਕ ਅਤੇ ਵੈਟਰਨਰੀ ਸਟਾਫ਼ ਤੇ ਪੈਰਾ-ਵੈਟਰਨਰੀ ਕਰਮਚਾਰੀਆਂ ਦੀ ਤਾਇਨਾਤੀ ਯਕੀਨੀ ਬਣਾਈ ਗਈ ਹੈ | ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਸਹਾਇਤਾ ਲਈ ਪਸ਼ੂ ਪਾਲਕ ਆਪਣੇ ਨਜ਼ਦੀਕੀ ਵੈਟਰਨਰੀ ਹਸਪਤਾਲ ਜਾਂ ਵੈਟਰਨਰੀ ਡਿਸਪੈਂਸਰੀ ਨਾਲ ਸੰਪਰਕ ਕਰ ਸਕਦੇ ਹਨ |