ਫ਼ਿਰੋਜ਼ਪੁਰ, 20 ਅਪ੍ਰੈਲ (ਕੁਲਬੀਰ ਸਿੰਘ ਸੋਢੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਜ਼ਿਲ੍ਹਾ ਫ਼ਿਰੋਜ਼ਪੁਰ ਕਮੇਟੀ ਦੇ ਸੀਨੀਅਰ ਆਗੂ ਰਣਜੀਤ ਸਿੰਘ ਦੀ ਅਗਵਾਈ ਵਿਚ ਫ਼ਿਰੋਜ਼ਪੁਰ ਵਿਖੇ ਲੈਂਡ ਮਾਰਟਗੇਜ ਬੈਂਕ ਦਾ ਗੇਟ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਆਗੂ ਰਣਜੀਤ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਕਿ ਪਿਛਲੇ ਦਿਨੀਂ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਹਰੀ ਨੌਂ ਦੇ ਦੋ ਸਕੇ ਭਰਾ, ਜੋ ਲੈਂਡ ਮਾਰਟਗੇਜ ਬੈਂਕ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋਣ ਪਿੱਛੋਂ ਖ਼ੁਦਕੁਸ਼ੀ ਕਰ ਗਏ ਸਨ | ਜਿਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਭਾਕਿਯੂ ਸਿੱਧੂਪੁਰ (ਡੱਲੇਵਾਲ) ਵਲੋਂ ਪਿਛਲੇ ਕਈ ਦਿਨਾਂ ਤੋਂ ਫ਼ਰੀਦਕੋਟ ਵਿਖੇ ਪੱਕਾ ਧਰਨਾ ਲੱਗਿਆ ਹੋਇਆ ਹੈ | ਜਿਸ ਦੇ ਰੋਸ ਵਿਚ ਫ਼ਿਰੋਜਪੁਰ ਵਿਖੇ ਲੈਂਡ ਮਾਰਟਗੇਜ ਬੈਂਕ ਦਾ ਗੇਟ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਬੈਂਕ ਅਧਿਕਾਰੀਆਂ ਦੀਆ ਮਾੜੀਆਂ ਕਰਤੂਤਾਂ ਕਰਕੇ ਧੋਖਾਧੜੀ ਦਾ ਦੂਜਾ ਨਾਮ ਲੈਂਡ ਮਾਰਟਗੇਜ ਬੈਂਕ ਬਣ ਚੁੱਕੀ ਹੈ | ਜਿਨ੍ਹਾਂ ਦੀਆਂ ਸਾਜ਼ਿਸ਼ਾਂ ਨੂੰ ਰੋਕਣ ਅਤੇ ਲੈਂਡ ਮਾਰਟਗੇਜ ਬੈਂਕ ਤੋਂ ਕਰਜ਼ ਲੈਣ ਵਾਲੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਬਚਾਉਣ ਲਈ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵਲੋਂ ਚੰਡੀਗੜ੍ਹ ਵਿਖੇ ਉੱਚ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਹੋ ਚੁੱਕੀਆਂ ਹਨ, ਜੋ ਕਿ ਬੇਸਿੱਟਾ ਰਹੀਆਂ ਹਨ | ਆਗੂ ਰਣਜੀਤ ਸਿੰਘ ਨੇ ਅੱਗੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਲੈਂਡ ਮਾਰਟਗੇਜ ਬੈਂਕ ਦਾ ਕਿਸਾਨਾਂ ਪ੍ਰਤੀ ਮਾੜਾ ਨਜ਼ਰੀਆ ਹੈ ਅਤੇ ਕਰਜ਼ ਵਸੂਲਣ ਲਈ ਬੈਂਕ ਵਲੋਂ ਸਾਜ਼ਿਸ਼ਾਂ ਰਚਦੇ ਹੋਏ ਜ਼ਮੀਨਾਂ ਖੋਹਣ ਦੇ ਹੱਥਕੰਡੇ ਵਰਤੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਲੈਂਡ ਮਾਰਟਗੇਜ ਬੈਂਕ ਦੇ ਅਧਿਕਾਰੀਆਂ ਵਲੋਂ ਮੀਟਿੰਗਾਂ ਵਿਚ ਨਕਾਰਿਆ ਗਿਆ ਸੀ ਕਿ ਖ਼ਾਲੀ ਚੈੱਕ ਕਿਸਾਨਾਂ ਤੋਂ ਨਹੀਂ ਲਏ ਗਏ, ਪਰ ਚੰਡੀਗੜ੍ਹ ਤੋਂ ਪੁੱਜੇ ਹੋਏ ਉੱਚ ਅਧਿਕਾਰੀਆਂ ਵਲੋਂ ਪ੍ਰਸ਼ਾਸਨ ਦੀ ਮੌਜੂਦਗੀ ਵਿਚ ਇਸ ਗੱਲ ਨੂੰ ਸਵੀਕਾਰਿਆ ਗਿਆ ਹੈ ਕਿ ਬੈਂਕ ਵਲੋਂ ਕਿਸਾਨਾਂ ਤੋਂ ਖ਼ਾਲੀ ਚੈੱਕ ਲੈ ਕੇ ਰੱਖੇ ਗਏ ਹਨ | ਜਿਸ ਤੋਂ ਇਹ ਗੱਲ ਸਿੱਧ ਹੁੰਦੀ ਹੈ ਕਿ ਬੈਂਕਾਂ ਵਲੋਂ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਲਈ ਅਤੇ ਕਿਸਾਨਾਂ ਨੂੰ ਖੁਦਕੁਸ਼ੀਆਂ ਕਰਨ ਲਈ ਮਜਬੂਰ ਕਰਨ ਵਾਸਤੇ ਹੀ ਇਹ ਖ਼ਾਲੀ ਚੈੱਕ ਲਏ ਜਾਂਦੇ ਹਨ ਤਾਂ ਜੋ ਬੈਂਕ ਵਲੋਂ ਕਰਜ਼ ਮੋੜਨ ਤੋਂ ਬਾਅਦ ਵੀ ਅਦਾਲਤ ਵਿਚ ਖ਼ਾਲੀ ਚੈੱਕ ਲਗਾ ਕੇ ਕਿਸਾਨਾਂ ਦੀ ਜ਼ਮੀਨਾਂ ਦੀਆਂ ਕੁਰਕੀਆਂ ਕਰਵਾ ਸਕਣ | ਸਾਬ ਸਿੰਘ ਨੇ ਅੱਗੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਵੀ ਆਰ.ਬੀ.ਆਈ ਦੀ ਪਾਲਿਸੀ ਨਹੀਂ ਹੈ ਕਿ ਬੈਂਕ ਵਲੋਂ ਕਰਜ਼ ਲੈਣ ਸਮੇਂ ਕਿਸਾਨ ਦੀ ਜ਼ਮੀਨ ਦੀ ਫ਼ਰਦ ਵਿਚ ਲੈ ਗਏ ਕਰਜ਼ ਦੀ ਰਪਟ ਦਰਜ ਕਰਵਾਉਣ ਤੋਂ ਬਾਅਦ ਖ਼ਾਲੀ ਚੈੱਕ ਲਏ ਜਾਣ ਅਤੇ ਇਹ ਸਭ ਬੈਂਕਾਂ ਵਲੋਂ ਸਾਜ਼ਿਸ਼ ਅਧੀਨ ਹੀ ਖ਼ਾਲੀ ਚੈੱਕ ਲਏ ਜਾ ਰਹੇ ਹਨ | ਆਗੂਆਂ ਨੇ ਕਿਹਾ ਜੇਕਰ ਪ੍ਰਸ਼ਾਸਨ ਵਲੋਂ ਕਿਸਾਨਾਂ ਦੀਆਂ ਮੰਗਾਂ ਮੰਨਿਆਂ ਨਹੀਂ ਜਾਂਦੀਆਂ ਤਾਂ ਜਲਦੀ ਹੀ ਆਉਣ ਵਾਲੇ ਦਿਨਾਂ ਫ਼ਰੀਦਕੋਟ ਦੀ ਤਰ੍ਹਾਂ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਪੱਕੇ ਤੌਰ 'ਤੇ ਬੈਂਕ ਨੂੰ ਬੰਦ ਕਰਕੇ ਅਣਮਿਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ | ਇਸ ਮੌਕੇ ਉਨ੍ਹਾਂ ਨਾਲ ਇਕਬਾਲ ਸਿੰਘ ਸੱਪਾਂ ਵਾਲੀ ਜ਼ਿਲ੍ਹਾ ਆਗੂ ਫ਼ਿਰੋਜ਼ਪੁਰ ਪੂਰਬੀ, ਜੱਜ ਸਿੰਘ ਹਾਮਿਦ ਸਲਾਹਕਾਰ ਬਲਾਕ ਮਮਦੋਟ, ਸਾਬ ਸਿੰਘ ਬਲਾਕ ਪ੍ਰਧਾਨ ਮਮਦੋਟ, ਜਸਕਰਨ ਸਿੰਘ ਯੂਥ ਆਗੂ ਬਲਾਕ ਮਮਦੋਟ ਅਤੇ ਇਕਾਈ ਪ੍ਰਧਾਨ ਅਤੇ ਮੈਂਬਰ ਹਾਜ਼ਰ ਸਨ |