ਫਿਰੋਜ਼ਪੁਰ, 22 ਅਪ੍ਰੈਲ (ਸੁਖਵਿੰਦਰ ਸਿੰਘ)-ਜ਼ਿਲ੍ਹੇ ਵਿਚ ਵੱਖ-ਵੱਖ ਖ਼ਰੀਦ ਏਜੰਸੀਆਂ ਵਲੋਂ 442958 ਮੀਟਰਿਕ ਟਨ ਕਣਕ ਦੀ ਖ਼ਰੀਦ ਨਾਲ ਮੰਡੀਆਂ ਵਿਚ ਹੁਣ ਤੱਕ ਹੋਈ ਕਣਕ ਦੀ ਕੁੱਲ ਆਮਦ ਵਿਚੋਂ 92 ਫ਼ੀਸਦੀ ਤੋਂ ਵੱਧ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ | ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਆਈ.ਏ.ਐਸ. ਨੇ ਕੀਤਾ | ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਜੂਦਾ ਖ਼ਰੀਦ ਸੀਜ਼ਨ ਦੌਰਾਨ ਜ਼ਿਲ੍ਹੇ ਦੀਆਂ ਮੰਡੀਆਂ ਵਿਚ 484100 ਮੀਟਰਿਕ ਟਨ ਕਣਕ ਦੀ ਆਮਦ ਹੋਈ ਹੈ ਜਿਸ ਵਿਚੋਂ ਮੰਗਲਵਾਰ ਸ਼ਾਮ ਤੱਕ ਲਗਭਗ 92 ਫ਼ੀਸਦੀ ਕਣਕ ਖ਼ਰੀਦੀ ਜਾ ਚੁੱਕੀ ਹੈ | ਇਸੇ ਤਰ੍ਹਾਂ 72 ਘੰਟਿਆਂ ਵਿਚ ਲਿਫ਼ਟ ਕੀਤਾ ਜਾਣ ਵਾਲਾ 27 ਫ਼ੀਸਦੀ ਸਟਾਕ ਲਿਫ਼ਟ ਕੀਤਾ ਜਾ ਚੁੱਕਾ ਹੈ ਅਤੇ ਲਿਫ਼ਟਿੰਗ ਦਾ ਕੰਮ ਨਿਰੰਤਰ ਜਾਰੀ ਹੈ ਜਦਕਿ ਅਧਿਕਾਰੀਆਂ ਨੂੰ ਲਿਫ਼ਟਿੰਗ ਦੇ ਕੰਮ ਵਿਚ ਹੋਰ ਤੇਜ਼ੀ ਲਿਆਉਣ ਲਈ ਕਿਹਾ ਗਿਆ ਹੈ | ਉਨ੍ਹਾਂ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ ਉਤੇ ਖ਼ਰੀਦੀ ਫਸਲ ਦੇ ਭੁਗਤਾਨ ਲਈ 714.68 ਕਰੋੜ ਰੁਪਏ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਅਦਾ ਕੀਤੇ ਜਾ ਚੁੱਕੇ ਹਨ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੱਖ-ਵੱਖ ਏਜੰਸੀਆਂ ਵਲੋਂ ਖ਼ਰੀਦ ਕੀਤੀ ਜਾ ਚੁੱਕੀ ਕਣਕ ਵਿਚੋਂ ਪਨਗ੍ਰੇਨ ਵਲੋਂ 138965 ਮੀਟਰਿਕ ਟਨ, ਮਾਰਕਫੈੱਡ ਵਲੋਂ 124001 ਮੀਟਰਿਕ ਟਨ, ਪਨਸਪ ਵਲੋਂ 117850 ਮੀਟਰਿਕ ਟਨ ਤੇ ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਵਲੋਂ 62142 ਮੀਟਰਿਕ ਮੀਟਰਿਕ ਟਨ ਫ਼ਸਲ ਦੀ ਖ਼ਰੀਦ ਕੀਤੀ ਗਈ ਹੈ | ਉਨ੍ਹਾਂ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਲਿਫ਼ਟਿੰਗ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਤਾਂ ਜੋ ਅਚਾਨਕ ਤਬਦੀਲ ਹੋਣ ਵਾਲੇ ਮੌਸਮ ਕਾਰਨ ਕੀਮਤੀ ਅਨਾਜ ਨੂੰ ਖ਼ਰਾਬ ਹੋਣ ਤੋਂ ਬਚਾਇਆ ਜਾ ਸਕੇ | ਡਿਪਟੀ ਕਮਿਸ਼ਨਰ ਨੇ ਮੰਡੀਆਂ ਵਿਚ ਆਉਣ ਵਾਲੇ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ, ਖ਼ਰੀਦ ਏਜੰਸੀਆਂ ਦੇ ਮੁਲਾਜ਼ਮਾਂ ਅਤੇ ਹੋਰ ਸਬੰਧਤ ਲੋਕਾਂ ਨੂੰ ਤੇਜ਼ ਗਰਮੀ ਅਤੇ ਲੂ ਤੋਂ ਬਚਾਅ ਲਈ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਵੀ ਕਿਹਾ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਦੀ ਫਸਲ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਅਤੇ ਖੇਤਾਂ ਵਿਚ ਹੀ ਮਿਲਾ ਕੇ ਮਿੱਟੀ, ਹਵਾ ਅਤੇ ਪਾਣੀ ਵਰਗੇ ਅਣਮੁੱਲੇ ਜੀਵਨ ਦੇ ਸਾਧਨਾਂ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ |