ਫ਼ਿਰੋਜ਼ਪੁਰ, 23 ਅਪ੍ਰੈਲ (ਸੁਖਵਿੰਦਰ ਸਿੰਘ)-ਵਧੀਕ ਡਿਪਟੀ ਕਮਿਸ਼ਨਰ ਡਾ. ਅਮਨਦੀਪ ਕੌਰ ਨੇ ਜ਼ਿਲ੍ਹਾ ਵਾਸੀਆਂ ਨੂੰ ਸੂਚਿਤ ਕਰਦਿਆਂ ਕਿਹਾ ਕਿ ਕਿ ਭਾਰਤ ਸਰਕਾਰ, ਸਭਿਆਚਾਰਕ ਮੰਤਰਾਲੇ ਵੱਲੋਂ ਗਿਆਨ ਭਾਰਤਮ ਮਿਸ਼ਨ ਸ਼ੁਰੂ ਕੀਤਾ ਗਿਆ ਹੈ, ਜੋ ਕਿ ਪੁਰਾਤਨ ਸਭਿਅਤਾ ਨੂੰ ਬਰਕਰਾਰ ਰੱਖਣ ਲਈ ਆਉਣ ਵਾਲੀ ਪੀੜ੍ਹੀ ਨੂੰ ਇਸ ਬਾਰੇ ਸਹੀ ਜਾਣਕਾਰੀ ਦੇਣ ਸਬੰਧੀ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ | ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮਿਸ਼ਨ ਤਹਿਤ ਜ਼ਿਲ੍ਹਾ ਪੱਧਰ ਤੇ ਵੱਖ-ਵੱਖ ਧਾਰਮਿਕ ਸਥਾਨ (ਜਿਵੇਂ ਕਿ ਮੰਦਿਰ, ਗੁਰਦੁਆਰੇ, ਡੇਰਿਆਂ), ਅਦਾਰੇ, ਸਕੂਲਾਂ/ ਕਾਲਜ/ ਯੂਨੀਵਰਸਿਟੀ ਦੀਆਂ ਲਾਇਬ੍ਰੇਰੀਆਂ, ਪ੍ਰਾਈਵੇਟ ਸੰਸਥਾਵਾਂ ਤੇ ਸਰਵੇ ਕਰਵਾਇਆ ਜਾਣਾ ਹੈ ਅਤੇ ਇਸ ਸਰਵੇ ਵਿੱਚ ਜ਼ਿਲ੍ਹਾ ਵਾਸੀ ਆਪਣਾ ਸਹਿਯੋਗ ਜ਼ਰੂਰ ਦੇਣ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਕਿਸੇ ਧਾਰਮਿਕ ਸਥਾਨ, ਵਿੱਦਿਅਕ ਅਦਾਰੇ ਜਾਂ ਕਿਸੇ ਵੀ ਵਿਅਕਤੀ ਪਾਸ ਪੁਰਾਤਨ ਹੱਥ ਲਿਖਤਾਂ ਮੌਜੂਦ ਹਨ ਤਾਂ ਇਸ ਸਬੰਧੀ ਜਗਦੀਪ ਸਿੰਘ ਸੰਧੂ ਜ਼ਿਲ੍ਹਾ ਭਾਸ਼ਾ ਅਫਸਰ, ਫਿਰੋਜ਼ਪੁਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਿਰੋਜ਼ਪੁਰ ਵਿਖੇ ਤਾਲਮੇਲ ਕੀਤਾ ਜਾਵੇ |