ਗੁਰੂਹਰਸਹਾਏ, 23 ਅਪ੍ਰੈਲ(ਕਪਿਲ ਕੰਧਾਰੀ)-ਸ਼ਹਿਰ ਦੀ ਨਗਰ ਕੌਂਸਲ ਇਕ ਵਾਰ ਫਿਰ ਆਪਣੇ ਕੰਮਕਾਜ ਨੂੰ ਲੈ ਕੇ ਚਰਚਾ ਵਿਚ ਹੈ | ਆਏ ਦਿਨ ਇੱਥੋਂ ਦੇ ਕਰਮਚਾਰੀ ਕਿਸੇ ਨਾ ਕਿਸੇ ਕਾਰਨ ਸੁਰਖ਼ੀਆਂ ਵਿਚ ਰਹਿੰਦੇ ਹਨ | ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਵੀ ਉਹ ਆਪਣਾ ਕੋਈ ਸਰਕਾਰੀ ਕੰਮ ਕਰਵਾਉਣ ਲਈ ਨਗਰ ਕੌਂਸਲ ਦਫ਼ਤਰ ਪਹੁੰਚਦੇ ਹਨ, ਤਾਂ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਲੋਕਾਂ ਦਾ ਦੋਸ਼ ਹੈ ਕਿ ਨਗਰ ਕੌਂਸਲ ਵਿਚ ਤੈਨਾਤ ਕਰਮਚਾਰੀ ਉਨ੍ਹਾਂ ਦੇ ਕੰਮ ਨੂੰ ਤਰਜੀਹ ਦੇਣ ਦੀ ਬਜਾਏ ਟਾਲਮਟੋਲ ਕਰਦੇ ਅਕਸਰ ਹੀ ਦੇਖੇ ਗਏ ਹਨ, ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਵਲੋ ਕਈ ਅਜਿਹੇ ਕਰਮਚਾਰੀਆਂ ਨੂੰ ਵੀ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ | ਜਿਨ੍ਹਾਂ ਨੂੰ ਆਪਣੇ ਕੰਮ ਦੀ ਪੂਰੀ ਸਮਝ ਨਹੀਂ | ਜਿਸ ਕਾਰਨ ਆਮ ਲੋਕਾਂ ਨੂੰ ਹੋਰ ਵੀ ਦਿੱਕਤਾਂ ਝੱਲਣੀਆਂ ਪੈਂਦੀਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਰਾਮ ਨਰੂਲਾ ਨੇ ਦੱਸਿਆ ਕਿ ਉਹ ਆਪਣੇ ਕਿਸੇ ਕੰਮ ਸਬੰਧੀ ਨਗਰ ਕੌਂਸਲ ਦਫ਼ਤਰ ਗਏ ਸਨ | ਉੱਥੇ ਮੌਜੂਦ ਕਰਮਚਾਰੀ ਰਾਜਕੁਮਾਰ ਵਲੋਂ ਉਨ੍ਹਾਂ ਦੀ ਗੱਲਬਾਤ ਨੂੰ ਢੰਗ ਨਾਲ ਸੁਣਿਆ ਨਹੀਂ ਗਿਆ ਅਤੇ ਕਰਮਚਾਰੀ ਦਾ ਵਤੀਰਾ ਵੀ ਸੰਤੋਸ਼ਜਨਕ ਨਹੀਂ ਸੀ | ਉਨ੍ਹਾਂ ਨੇ ਕਿਹਾ ਕਿ ਨਾ ਸਿਰਫ਼ ਉਹ, ਸਗੋਂ ਹਰ ਰੋਜ਼ ਹੋਰ ਕਈ ਲੋਕ ਵੀ ਦਫ਼ਤਰ ਵਿਚ ਖ਼ੱਜਲ਼-ਖ਼ੁਆਰ ਹੁੰਦੇ ਵੇਖੇ ਗਏ | ਰਾਮ ਨਰੂਲਾ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਨਗਰ ਕੌਂਸਲ ਦੇ ਇਸ ਕਰਮਚਾਰੀਆਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਕਰਮਚਾਰੀਆਂ ਨੂੰ ਹਦਾਇਤ ਦਿੱਤੀ ਜਾਵੇ ਕਿ ਆਮ ਜਨਤਾ ਦੇ ਕੰਮ ਪਹਿਲ ਦੇ ਅਧਾਰ 'ਤੇ ਅਤੇ ਸਮੇਂ ਸਿਰ ਕੀਤੇ ਜਾਣ, ਤਾਂ ਜੋ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਤੋਂ ਰਾਹਤ ਮਿਲ ਸਕੇ | ਇਸ ਸਬੰਧੀ ਜਦ ਰਾਜ ਕੁਮਾਰ ਦੇ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ ਮੇਰੇ ਕੋਲ ਰਾਮ ਨਰੂਲਾ ਜਿਸ ਕੰਮ ਲਈ ਆਏ ਸਨ, ਮੈਂ ਉਨ੍ਹਾਂ ਨੂੰ ਉਸ ਸਬੰਧੀ ਜਾਣਕਾਰੀ ਦੇ ਦਿੱਤੀ ਸੀ |