ਫ਼ਿਰੋਜ਼ਪੁਰ, 23 ਅਪ੍ਰੈਲ (ਗੁਰਿੰਦਰ ਸਿੰਘ)-2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਾਰੀਆਂ ਰਾਜਨੀਤਿਕ ਪਾਰਟੀਆਂ ਸਰਗਰਮ ਹੋ ਗਈਆਂ ਹਨ, ਉੱਥੇ ਪੰਜਾਬ ਦੀ ਇਕਲੌਤੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਲੋਂ ਵੀ ਹਰੇਕ ਹਲਕੇ ਵਿਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਜਥੇਬੰਦੀ ਦਾ ਵਿਸਥਾਰ ਕੀਤਾ ਜਾ ਰਿਹਾ ਹੈ | ਇਸੇ ਲੜੀ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪੁਰਾਣੇ ਤੇ ਮਿਹਨਤੀ ਆਗੂ ਨਵਨੀਤ ਕੁਮਾਰ ਗੋਰਾ ਸਾਬਕਾ ਕੌਂਸਲਰ ਨੂੰ ਫ਼ਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਪਿਛਲੇ ਲੰਮੇ ਸਮੇਂ ਤੋਂ ਪਾਰਟੀ ਲਈ ਦਿਨ-ਰਾਤ ਇੱਕ ਕਰਨ ਵਾਲੇ ਨਵਨੀਤ ਕੁਮਾਰ ਗੋਰਾ ਨੇ ਇਸ ਅਹਿਮ ਜ਼ਿੰਮੇਵਾਰੀ ਮਿਲਣ 'ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ, ਜ਼ਿਲ੍ਹਾ ਪ੍ਰਧਾਨ ਜੁਗਿੰਦਰ ਸਿੰਘ ਜਿੰਦੂ ਸਾਬਕਾ ਵਿਧਾਇਕ, ਫ਼ਿਰੋਜ਼ਪੁਰ ਸ਼ਹਿਰੀ ਦੇ ਹਲਕਾ ਇੰਚਾਰਜ ਸੁਖਪਾਲ ਸਿੰਘ ਨੰਨੂ ਅਤੇ ਹਲਕਾ ਗੁਰੂਹਰਸਹਾਏ ਦੇ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਸਮੇਤ ਸਮੁੱਚੀ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ, ਨਿਸ਼ਠਾ ਅਤੇ ਇਮਾਨਦਾਰੀ ਨਾਲ ਨਿਭਾਉਣਗੇ | ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਵਿਆਪਕ ਪੱਧਰ 'ਤੇ ਕੰਮ ਕਰਨਗੇ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਜੜ੍ਹਾਂ ਲੋਕਾਂ ਵਿਚ ਡੂੰਘੀਆਂ ਹਨ ਅਤੇ ਵਰਕਰ ਹੀ ਪਾਰਟੀ ਦੀ ਅਸਲ ਤਾਕਤ ਹਨ | ਇਸ ਲਈ ਸ਼ਹਿਰ ਦੇ ਹਰ ਵਾਰਡ ਅਤੇ ਬੂਥ ਪੱਧਰ 'ਤੇ ਮਜ਼ਬੂਤ ਟੀਮਾਂ ਖੜ੍ਹੀਆਂ ਕਰਕੇ ਪਾਰਟੀ ਨੂੰ ਹੋਰ ਮਜ਼ਬੂਤ ਬਣਾਇਆ ਜਾਵੇਗਾ | ਉਨ੍ਹਾਂ ਇਹ ਵੀ ਦੱਸਿਆ ਕਿ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ, ਵਰਕਰਾਂ ਦੀ ਸੁਣਵਾਈ ਯਕੀਨੀ ਬਣਾਉਣ ਅਤੇ ਲੋਕ ਮੁੱਦਿਆਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣ ਲਈ ਖਾਸ ਯੋਜਨਾ ਤਿਆਰ ਕੀਤੀ ਜਾਵੇਗੀ | ਨਵਨੀਤ ਕੁਮਾਰ ਗੋਰਾ ਦੀ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਵਜੋਂ ਨਿਯੁਕਤੀ 'ਤੇ ਅਕਾਲੀ ਦਲ ਦੇ ਬੁਲਾਰੇ ਦਿਲਬਾਗ ਸਿੰਘ ਵਿਰਕ, ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ ਕਲਸੀ, ਗੁਰਨਾਮ ਸਿੰਘ ਸੈਦਾ ਰੁਹੇਲਾ, ਜ਼ਿਲ੍ਹਾ ਪ੍ਰਧਾਨ ਬੀਸੀ ਵਿੰਗ ਦਵਿੰਦਰ ਸਿੰਘ ਕਲਸੀ, ਜ਼ੋਰਾਵਰ ਸਿੰਘ, ਬਲਕਾਰ ਸਿੰਘ ਢਿੱਲੋਂ, ਜੱਜਬੀਰ ਸਿੰਘ ਸਿੱਧੂ, ਨਰਿੰਦਰ ਸਿੰਘ ਜੋਸਨ, ਗੁਰਪ੍ਰੀਤ ਸਿੰਘ ਕੁੱਲ, ਗੁਰਪ੍ਰੀਤ ਸਿੰਘ ਕਲਸੀ, ਉਪਕਾਰ ਸਿੰਘ ਸਿੱਧੂ, ਕੁਲਵਿੰਦਰ ਸਿੰਘ ਆਦਿ ਆਗੂਆਂ ਨੇ ਨਵਨੀਤ ਕੁਮਾਰ ਗੋਰਾ ਨੂੰ ਵਧਾਈ ਦਿੰਦਿਆਂ ਉਮੀਦ ਜਤਾਈ ਕਿ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਫ਼ਿਰੋਜ਼ਪੁਰ ਸ਼ਹਿਰ ਵਿਚ ਮਜ਼ਬੂਤ ਜਿੱਤ ਦਿਵਾਉਣ ਲਈ ਉਹ ਪਾਰਟੀ ਸਾਥੀਆਂ ਨੂੰ ਨਾਲ ਲੈ ਕੇ ਦਿਨ-ਰਾਤ ਮਿਹਨਤ ਕਰਨਗੇ ਅਤੇ ਪਾਰਟੀ ਦੀਆਂ ਉਮੀਦਾਂ 'ਤੇ ਖਰਾ ਉੱਤਰਨ ਦੀ ਪੂਰੀ ਕੋਸ਼ਿਸ਼ ਕਰਨਗੇ |