ਮੱਲਾਂਵਾਲਾ, 25 ਅਪ੍ਰੈਲ (ਗੁਰਦੇਵ ਸਿੰਘ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀ ਉਪਜ ਦੀ ਨਿਰਵਿਘਨ ਖ਼ਰੀਦ ਨੂੰ ਯਕੀਨੀ ਬਣਾਉਣ ਲਈ ਮਾਰਕੀਟ ਕਮੇਟੀ ਮੱਲਾਂਵਾਲਾ ਦੇ ਚੇਅਰਮੈਨ ਸੁਖਦੇਵ ਸਿੰਘ ਸੰਧੂ ਨੇ ਅੱਜ ਕਾਮਲ ਵਾਲਾ, ਫ਼ਤਿਹਗੜ੍ਹ ਸਭਰਾ, ਜੱਲੇ ਵਾਲਾ ਆਦਿ ਮੰਡੀਆਂ ਦਾ ਦੌਰਾ ਕੀਤਾ | ਉਨ੍ਹਾਂ ਨੇ ਆਪਣੇ ਦੌਰੇ ਦੌਰਾਨ ਜਿੱਥੇ ਭਰੀਆਂ ਬੋਰੀਆਂ ਦਾ ਵਜ਼ਨ ਚੈੱਕ ਕੀਤਾ | ਉੱਥੇ ਹੀ ਕਿਸਾਨਾਂ ਵਲੋਂ ਅਨਾਜ ਮੰਡੀਆਂ ਵਿਚ ਲਿਆਂਦੀਆਂ ਕਣਕ ਦੀਆਂ ਢੇਰੀਆਂ ਵਿਚ ਨਮੀ ਦਾ ਨਿਰੀਖਣ ਵੀ ਕੀਤਾ | ਇਸ ਦੌਰਾਨ ਉਨ੍ਹਾਂ ਮੌਕੇ 'ਤੇ ਮੌਜੂਦ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ, ਮੰਡੀ ਸੁਪਰਵਾਈਜ਼ਰਾਂ ਅਤੇ ਖ਼ਰੀਦ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਮੰਡੀ ਪ੍ਰਬੰਧਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਹਾਸਿਲ ਕੀਤੀ | ਇਸ ਮੌਕੇ ਗੱਲਬਾਤ ਕਰਦਿਆਂ ਚੇਅਰਮੈਨ ਸੁਖਦੇਵ ਸਿੰਘ ਸੰਧੂ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੇ ਹਿਤਾਂ ਨੂੰ ਸਰਵਉੱਚ ਮੰਨਦੀ ਹੈ ਅਤੇ ਇਸੇ ਲਈ ਫ਼ਸਲ ਦੀ ਕਟਾਈ ਸ਼ੁਰੂ ਹੁੰਦੇ ਹੀ ਕਣਕ ਦੀ ਖ਼ਰੀਦ ਵੀ ਤੁਰੰਤ ਪ੍ਰਭਾਵ ਨਾਲ ਸ਼ੁਰੂ ਕਰ ਦਿੱਤੀ ਗਈ ਹੈ | ਉਨ੍ਹਾਂ ਭਰੋਸਾ ਦਿਵਾਇਆ ਕਿ ਕਿਸਾਨਾਂ ਦੀ ਮਿਹਨਤ ਦਾ ਇੱਕ-ਇੱਕ ਦਾਣਾ ਸਰਕਾਰ ਵਲੋਂ ਖ਼ਰੀਦਿਆ ਜਾਵੇਗਾ ਅਤੇ ਕਿਸੇ ਵੀ ਫ਼ਸਲ ਨੂੰ ਬਰਬਾਦ ਨਹੀਂ ਹੋਣ ਦਿੱਤਾ ਜਾਵੇਗਾ | ਇਸ ਮੌਕੇ ਰਜਿੰਦਰ ਕੁਮਾਰ ਮੰਡੀ ਸੁਪਰਵਾਈਜ਼ਰ, ਨਿਤੇਸ਼ ਸੇਠੀ ਆਦਿ ਵੀ ਹਾਜ਼ਰ ਸਨ |