ਫ਼ਿਰੋਜ਼ਪੁਰ, 28 ਅਪ੍ਰੈਲ(ਗੁਰਿੰਦਰ ਸਿੰਘ)-ਸਰਕਾਰੀ ਦਫ਼ਤਰਾਂ ਵਿਚ ਲੋਕਾਂ ਦੀ ਖੱਜਲਖੁਆਰੀ ਖ਼ਤਮ ਕਰਨ ਦੇ ਕੀਤੇ ਜਾ ਰਹੇ ਦਾਅਵੇ ਫ਼ਿਰੋਜ਼ਪੁਰ ਦੇ ਰਿਜਨਲ ਟਰਾਂਸਪੋਰਟ ਅਫ਼ਸਰ (ਆਰ.ਟੀ.ਓ) ਦਫ਼ਤਰ ਵਿਚ ਖੋਖਲੇ ਸਾਬਤ ਹੋ ਰਹੇ ਹਨ | ਹਾਲਾਤ ਇਹ ਹਨ ਕਿ ਪਬਲਿਕ ਡੀਲਿੰਗ ਵਾਲਾ ਇਹ ਅਹਿਮ ਦਫ਼ਤਰ ਰੈਗੂਲਰ ਸਟਾਫ਼ ਦੀ ਭਾਰੀ ਘਾਟ ਨਾਲ ਜੂਝ ਰਿਹਾ ਹੈ ਅਤੇ ਦਫ਼ਤਰ ਦਾ ਜ਼ਿਆਦਾਤਰ ਕੰਮ ਆਊਟਸੋਰਸ ਮੁਲਾਜ਼ਮਾਂ ਦੇ ਹੱਥਾਂ ਵਿਚ ਚੱਲ ਰਿਹਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਆਰ.ਟੀ.ਓ. ਦਫ਼ਤਰ ਵਿਚ ਮਨਜ਼ੂਰਸ਼ੁਦਾ ਅਸਾਮੀਆਂ ਹੋਣ ਦੇ ਬਾਵਜੂਦ ਸਿਰਫ਼ ਇਕ ਕਲਰਕ ਹੀ ਤਾਇਨਾਤ ਹੈ, ਜਦਕਿ ਲਗਭਗ 8 ਆਊਟਸੋਰਸ ਕਰਮਚਾਰੀ ਟਰਾਂਸਪੋਰਟ ਸੁਸਾਇਟੀ ਵਲੋਂ ਮੁਹੱਈਆ ਕਰਵਾਏ ਗਏ ਹਨ | ਹੈਰਾਨੀ ਦੀ ਗੱਲ ਇਹ ਹੈ ਕਿ ਇਕਲੌਤਾ ਸਰਕਾਰੀ ਕਲਰਕ ਵੀ ਅਕਸਰ ਦਫ਼ਤਰ ਵਿਚ ਮੌਜੂਦ ਨਹੀਂ ਹੁੰਦਾ | ਜਿਸ ਕਾਰਨ ਪੂਰਾ ਦਫ਼ਤਰੀ ਕੰਮਕਾਜ ਆਊਟਸੋਰਸ ਕਰਮਚਾਰੀਆਂ ਦੇ ਭਰੋਸੇ ਚੱਲ ਰਿਹਾ ਹੈ ਅਤੇ ਕੰਮਾਂ ਕਾਰਾਂ ਲਈ ਆਉਂਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਸਭ ਤੋਂ ਚਿੰਤਾਜਨਕ ਪੱਖ ਇਹ ਸਾਹਮਣੇ ਆਇਆ ਹੈ ਕਿ ਡਰਾਈਵਿੰਗ ਟੈੱਸਟ ਵਰਗਾ ਤਕਨੀਕੀ ਅਤੇ ਜ਼ਿੰਮੇਵਾਰੀ ਭਰਿਆ ਕੰਮ ਵੀ ਗੈਰ-ਤਕਨੀਕੀ ਯੋਗਤਾ ਰੱਖਣ ਵਾਲੇ ਆਊਟਸੋਰਸ ਕਰਮਚਾਰੀ ਵਲੋਂ ਕੀਤਾ ਜਾ ਰਿਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਜਿਹੜਾ ਵਿਅਕਤੀ ਖ਼ੁਦ ਤਕਨੀਕੀ ਤਜਰਬਾ ਨਹੀਂ ਰੱਖਦਾ, ਉਹ ਦੂਜਿਆਂ ਦੀ ਡਰਾਈਵਿੰਗ ਯੋਗਤਾ ਦਾ ਮੁਲਾਂਕਣ ਕਿਵੇਂ ਕਰ ਸਕਦਾ ਹੈ? ਜ਼ਿਕਰਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਵੀ ਇਸ ਦਫ਼ਤਰ ਨਾਲ ਜੁੜਿਆ ਡਰਾਈਵਿੰਗ ਲਾਇਸੈਸਾਂ ਦਾ ਵੱਡਾ ਮਾਮਲਾ ਸਾਹਮਣੇ ਆਇਆ ਸੀ | ਜਿੱਥੇ ਆਊਟਸੋਰਸ ਮੁਲਾਜ਼ਮਾਂ ਵਲੋਂ ਬਿਨਾਂ ਟੈੱਸਟ ਲਏ ਹੀ ਸੈਂਕੜੇ ਲੋਕਾਂ ਨੂੰ ਡਰਾਈਵਿੰਗ ਲਾਇਸੈਂਸ ਜਾਰੀ ਕਰ ਦਿੱਤੇ ਗਏ ਸਨ | ਇਸ ਮਾਮਲੇ 'ਚ ਸ਼ਿਕਾਇਤਾਂ ਮਿਲਣ ਉਪਰੰਤ ਵਿਜੀਲੈਂਸ ਬਿਊਰੋ ਨੇ ਦਖ਼ਲ ਦਿੰਦਿਆਂ ਪਿਛਲੇ ਸਾਲ ਲਾਇਸੈਂਸਾਂ ਦਾ ਰਿਕਾਰਡ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕੀਤੀ ਸੀ | ਇਸ ਤੋਂ ਇਲਾਵਾ ਮਾਰਚ ਮਹੀਨੇ ਦੌਰਾਨ ਵੀ ਵਿਜੀਲੈਂਸ ਵਲੋਂ ਇਸ ਦਫ਼ਤਰ ਤੋਂ ਜਾਰੀ ਕੀਤੇ ਗਏ ਡਰਾਈਵਿੰਗ ਲਾਇਸੈਸਾਂ ਦੀ ਜਾਂਚ ਜਾਰੀ ਹੈ ਪਰ ਹਾਲੇ ਤੱਕ ਕੋਈ ਠੋਸ ਨਤੀਜਾ ਸਾਹਮਣੇ ਨਹੀਂ ਆਇਆ | ਦੂਜੇ ਪਾਸੇ ਫ਼ਿਰੋਜ਼ਪੁਰ ਵਿਚ ਤਕਨੀਕੀ ਯੋਗਤਾ ਰੱਖਣ ਵਾਲੇ ਮੋਟਰ ਵਹੀਕਲ ਇੰਸਪੈਕਟਰ ਤਾਇਨਾਤ ਹੋਣ ਦੇ ਬਾਵਜੂਦ ਉਨ੍ਹਾਂ ਦੀਆਂ ਸੇਵਾਵਾਂ ਦਾ ਲਾਭ ਨਹੀਂ ਲਿਆ ਜਾ ਰਿਹਾ | ਇਸ ਸਥਿਤੀ ਕਾਰਨ ਆਮ ਲੋਕਾਂ ਵਿਚ ਗ਼ੁੱਸਾ ਅਤੇ ਨਾਰਾਜ਼ਗੀ ਵਧ ਰਹੀ ਹੈ | ਲੋਕਾਂ ਨੇ ਮੰਗ ਕੀਤੀ ਹੈ ਕਿ ਦਫ਼ਤਰ ਵਿਚ ਤੁਰੰਤ ਰੈਗੂਲਰ ਸਟਾਫ਼ ਦੀ ਤਾਇਨਾਤੀ ਕੀਤੀ ਜਾਵੇ ਅਤੇ ਡਰਾਈਵਿੰਗ ਟੈੱਸਟ ਵਰਗੇ ਅਹਿਮ ਕੰਮ ਸਿਰਫ਼ ਯੋਗ ਅਤੇ ਤਜਰਬੇਕਾਰ ਅਧਿਕਾਰੀਆਂ ਵਲੋਂ ਹੀ ਕਰਵਾਏ ਜਾਣ, ਤਾਂ ਜੋ ਪ੍ਰਣਾਲੀ 'ਚ ਪਾਰਦਰਸ਼ਤਾ ਅਤੇ ਭਰੋਸੇਯੋਗਤਾ ਕਾਇਮ ਰਹੇ | ਇਸ ਸਬੰਧੀ ਜਦੋਂ ਆਰ.ਟੀ.ਓ ਫ਼ਿਰੋਜ਼ਪੁਰ ਤੁਸਿਟਾ ਗੁਲ੍ਹਾਟੀ ਨਾਲ ਸੰਪਰਕ ਕਰਨ ਚਾਹਿਆ ਤਾਂ ਵਾਰ-ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਉਨ੍ਹਾਂ ਫ਼ੋਨ ਅਟੈਂਡ ਨਹੀਂ ਕੀਤਾ | ਜਦੋਂ ਕਿ ਸਹਾਇਕ ਟਰਾਂਸਪੋਰਟ ਅਫ਼ਸਰ ਰਾਕੇਸ਼ ਬਾਂਸਲ ਦਾ ਮੋਬਾਈਲ ਫ਼ੋਨ ਬੰਦ ਆ ਰਿਹਾ ਸੀ | ਉੱਧਰ ਡੀ.ਐੱਸ.ਪੀ ਵਿਜੀਲੈਂਸ ਸੋਹਣ ਸਿੰਘ ਦਾ ਕਹਿਣਾ ਹੈ ਕਿ ਜਾਂਚ ਅਜੇ ਜਾਰੀ ਹੈ |