ਫ਼ਿਰੋਜ਼ਪੁਰ, 28 ਅਪ੍ਰੈਲ (ਕੁਲਬੀਰ ਸੋਢੀ)-ਰੋਟਰੀ ਕਲੱਬ ਇਕ ਕੌਮਾਂਤਰੀ ਪੱਧਰ ਦੀ ਸਮਾਜ ਸੇਵੀ ਸੰਸਥਾ ਹੈ ਜੋ ਕਿ ਵਿਸ਼ਵ ਦੇ ਲਗਭਗ 200 ਦੇਸ਼ਾਂ ਵਿਚ ਕੰਮ ਕਰ ਰਹੀ ਹੈ ਅਤੇ ਵਿਸ਼ਵ ਵਿਚ ਇਸ ਦੇ ਕਰੀਬ 15 ਲੱਖ ਮੈਂਬਰ ਹਨ | ਰੋਟਰੀ ਇੰਟਰਨੈਸ਼ਨਲ ਦੀ ਜ਼ਿਲ੍ਹਾ 3090 ਵਲੋਂ ਫ਼ਿਰੋਜ਼ਪੁਰ ਦੇ ਹੜ੍ਹ ਪੀੜਤ 2 ਪਿੰਡਾਂ ਦੇ ਸਕੂਲਾਂ ਵਿਚ ਬੱਚਿਆਂ ਵਾਸਤੇ ਸਾਫ਼ ਸੁਥਰੇ ਟਾਇਲਟ ਬਲਾਕ ਬਣਾਏ ਗਏ ਅਤੇ ਅੱਜ ਉਨ੍ਹਾਂ ਦੇ ਤਿਆਰ ਹੋਣ ਤੋਂ ਬਾਅਦ ਉਸ ਦਾ ਉਦਘਾਟਨ ਜ਼ਿਲ੍ਹਾ ਗਵਰਨਰ ਰੋਟੇਰੀਅਨ ਭੁਪੇਸ਼ ਮਹਿਤਾ ਵਲੋਂ ਕੀਤਾ ਗਿਆ | ਪਿਛਲੇ ਸਾਲ ਹੋਈਆਂ ਬਰਸਾਤਾਂ ਤੋਂ ਬਾਅਦ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਵੱਧ ਗਿਆ ਸੀ ਜਿਸ ਕਾਰਨ ਹੜ੍ਹਾਂ ਦੀ ਸਥਿਤੀ ਬਣ ਗਈ ਸੀ ਅਤੇ ਜਿਸ ਦਾ ਸਭ ਤੋਂ ਵੱਧ ਨੁਕਸਾਨ ਜ਼ਿਲ੍ਹਾ ਫ਼ਿਰੋਜ਼ਪੁਰ ਅਤੇ ਜ਼ਿਲ੍ਹਾ ਫ਼ਾਜ਼ਿਲਕਾ ਵਿਚ ਹੋਇਆ ਸੀ | ਇਨ੍ਹਾਂ ਹੜ੍ਹਾਂ ਕਾਰਨ ਜਿੱਥੇ ਕਈ ਮਹੀਨੇ ਆਮ ਜਨ ਜੀਵਨ ਪ੍ਰਭਾਵਿਤ ਹੋਇਆ ਸੀ, ਉੱਥੇ ਪਿੰਡਾਂ ਦੇ ਸਕੂਲਾਂ ਦੀਆਂ ਬਿਲਡਿੰਗਾਂ ਵੀ ਹੜ੍ਹਾਂ ਦੀ ਮਾਰ ਦਾ ਸ਼ਿਕਾਰ ਹੋਈਆਂ ਸਨ | ਜਿਸ ਦੇ ਚੱਲਦੇ ਕੌਮਾਂਤਰੀ ਪੱਧਰ ਦੀ ਸਮਾਜ ਸੇਵੀ ਸੰਸਥਾ ਰੋਟਰੀ ਇੰਟਰਨੈਸ਼ਨਲ ਵਲੋਂ ਦੋ ਪਿੰਡ ਧੀਰਾ ਘਾਰਾਂ ਅਤੇ ਰੁਕਣੇ ਵਾਲਾ ਦੇ ਸਰਕਾਰੀ ਸਕੂਲਾਂ ਦੀਆਂ ਦੀਆਂ ਹੜ੍ਹ ਨਾਲ ਪ੍ਰਭਾਵਿਤ ਹੋਈਆਂ ਟਾਇਲਟ ਬਲਾਕ ਨੂੰ ਨਵੇਂ ਤੌਰ ਤੋਂ ਬਣਾ ਕੇ ਉਨ੍ਹਾਂ ਸਕੂਲਾਂ ਦੇ ਸਪੁਰਦ ਕੀਤਾ ਗਿਆ | ਇਨ੍ਹਾਂ ਟਾਇਲਟਸ ਦੇ ਉਦਘਾਟਨ ਮੌਕੇ ਰੋਟਰੀ ਜ਼ਿਲ੍ਹਾ ਗਵਰਨਰ ਰੋਟੇਰੀਅਨ ਭੁਪੇਸ਼ ਮਹਿਤਾ ਅਤੇ ਸਾਬਕਾ ਜ਼ਿਲ੍ਹਾ ਗਵਰਨਰ ਰੋਟੇਰੀਅਨ ਪ੍ਰੇਮ ਅਗਰਵਾਲ ਜੋ ਕਿ ਰੋਟਰੀ ਫਾਊਾਡੇਸ਼ਨ ਗਰਾਂਟ ਦੇ ਚੇਅਰਮੈਨ ਵੀ ਹਨ, ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਤੋਂ ਇਲਾਵਾ ਡਿਪਟੀ ਡੀ.ਈ.ਓ ਡਾ. ਸਤਿੰਦਰ ਸਿੰਘ, ਸਾਬਕਾ ਜ਼ਿਲ੍ਹਾ ਗਵਰਨਰ ਰੋਟੇਰੀਅਨ ਵਿਜੇ ਅਰੋੜਾ, ਅਸਿਸਟੈਂਟ ਗਵਰਨਰ ਰੋਟੇਰੀਅਨ ਵਿਜੇ ਮੋਂਗਾ, ਕੋਆਰਡੀਨੇਟਰ ਕਮਲ ਸ਼ਰਮਾ, ਮਿੰਟੂ ਚਾਵਲਾ, ਰੋਟਰੀ ਕਲੱਬ ਫ਼ਿਰੋਜ਼ਪੁਰ ਸਿਟੀ ਦੇ ਪ੍ਰਧਾਨ ਅਸ਼ੋਕ ਸ਼ਰਮਾ, ਰੋਟਰੀ ਕਲੱਬ ਫ਼ਿਰੋਜਪੁਰ ਕੈਂਟ ਦੇ ਪ੍ਰਧਾਨ ਰਾਹੁਲ ਕੱਕੜ, ਰੋਟਰੀ ਕਲੱਬ ਫ਼ਿਰੋਜ਼ਪੁਰ ਦੇ ਪ੍ਰਧਾਨ ਕਿਰਪਾਲ ਸਿੰਘ ਮੱਕੜ, ਰੋਟਰੀ ਕਲੱਬ ਫ਼ਿਰੋਜ਼ਪੁਰ ਡਾਇਮੰਡ ਦੇ ਪ੍ਰਧਾਨ ਹਿੰਮਤ ਗੋਇਲ, ਬੂਟਾ ਸਿੰਘ, ਡਾਕਟਰ ਸੁਰਿੰਦਰ ਸਿੰਘ ਕਪੂਰ, ਦਿਨੇਸ਼ ਕਟਾਰੀਆ, ਨਰਿੰਦਰ ਕੱਕੜ, ਪ੍ਰਮੋਦ ਕਪੂਰ, ਅਜੇ ਬਜਾਜ, ਨਵੀਨ ਅਰੋੜਾ ਆਦਿ ਰੋਟੇਰੀਅਨ ਵੀ ਹਾਜ਼ਰ ਸਨ | ਇਸ ਮੌਕੇ ਮੁੱਖ ਮਹਿਮਾਨ ਜ਼ਿਲ੍ਹਾ ਗਵਰਨਰ ਰੋਟੇਰੀਅਨ ਭੁਪੇਸ਼ ਮਹਿਤਾ ਨੇ ਦੱਸਿਆ ਕਿ ਇਨ੍ਹਾਂ ਟਾਇਲਟ ਬਲੋਕ ਲਈ ਰੋਟਰੀ ਇੰਟਰਨੈਸ਼ਨਲ ਵਲੋਂ ਡਿਜਾਸਟਰ ਫ਼ੰਡ ਆਇਆ ਸੀ ਅਤੇ ਇਨ੍ਹਾਂ ਉੱਪਰ ਕਰੀਬ 6 ਲੱਖ ਰੁਪਏ ਦਾ ਖਰਚਾ ਆਇਆ ਹੈ | ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੀ ਅਸੀਂ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਵੀ ਕੁੱਝ ਸਕੂਲਾਂ ਵਿਚ ਇਹ ਟਾਇਲਟ ਬਲਾਕ ਬਣਾ ਰਹੇ ਹਾਂ ਅਤੇ ਹੋਰ ਵੀ ਜੇ ਕੋਈ ਇਨ੍ਹਾਂ ਸਕੂਲਾਂ ਨੂੰ ਲੋੜ ਹੋਈ ਤਾਂ ਅਸੀਂ ਹਰ ਤਰ੍ਹਾਂ ਦੀ ਸਹਾਇਤਾ ਕਰਨ ਲਈ ਤਿਆਰ ਹਾਂ | ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੀਰਾ ਘਾਰਾਂ ਦੇ ਪਿ੍ੰਸੀਪਲ ਗੁਰਵਿੰਦਰ ਸਿੰਘ ਅਤੇ ਸਰਕਾਰੀ ਹਾਈ ਸਕੂਲ ਰੁਕਣੇ ਵਾਲਾ ਦੀ ਪਿ੍ੰਸੀਪਲ ਮੋਨਿਕਾ ਮੋਂਗਾ ਨੇ ਵੀ ਰੋਟਰੀ ਕਲੱਬ ਦੇ ਕੀਤੇ ਇਨ੍ਹਾਂ ਕੰਮਾਂ ਲਈ ਉਨ੍ਹਾਂ ਦਾ ਦਿਲੋਂ ਧੰਨਵਾਦ ਕੀਤਾ |