ਮੁੱਦਕੀ, 28 ਅਪ੍ਰੈਲ (ਭਾਰਤ ਭੂਸ਼ਨ ਅਗਰਵਾਲ)-ਸੂਬੇ ਅੰਦਰ ਲੱਗ ਰਹੇ ਬਿਜਲੀ ਕੱਟਾਂ ਕਾਰਨ ਮੱਛਰਾਂ ਵਲੋਂ ਕੱਟਣ ਨਾਲ ਬਿਮਾਰੀਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ | ਭਾਰਤੀ ਕਿਸਾਨ ਯੂਨੀਅਨ ਕਾਦੀਆਂ ਇਕਾਈ ਮੁੱਦਕੀ ਦੇ ਪ੍ਰਧਾਨ ਗੁਰਜੰਟ ਸਿੰਘ ਬਰਾੜ, ਖ਼ਜ਼ਾਨਚੀ ਮਾਸਟਰ ਸ਼ਿੰਦਰ ਸਿੰਘ ਪੀ.ਟੀ. ਅਤੇ ਜੋਗਿੰਦਰ ਸਿੰਘ ਸੰਧੂ ਛਿੰਦਾ ਪ੍ਰਧਾਨ ਇਕਾਈ ਮੁੱਦਕੀ ਬੀ.ਕੇ.ਯੂ. ਡਕੌਂਦਾ ਨੇ ਆਖਿਆ ਕਿ ਅੱਤ ਦੀ ਗਰਮੀ ਵਿਚ ਜਿੱਥੇ ਸਾਰਾ-ਸਾਰਾ ਦਿਨ ਬਿਜਲੀ ਬੰਦ ਰੱਖੀ ਜਾ ਰਹੀ ਹੈ | ਉੱਥੇ ਰਾਤਾਂ ਨੂੰ ਵੀ ਵੱਡੇ-ਵੱਡੇ ਬਿਜਲੀ ਕੱਟ ਲਗਾ ਕੇ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਵਲੋਂ ਆਮ ਜਨਤਾ ਨੂੰ ਬੁਰੀ ਤਰ੍ਹਾਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਘੰਟਿਆਂ ਬੱਧੀ ਬਿਜਲੀ ਕੱਟਾਂ ਕਾਰਨ ਘਰਾਂ ਵਿਚ ਇਨਵਰਟਰ ਵੀ ਫ਼ੇਲ੍ਹ ਹੋ ਗਏ ਹਨ | ਬਿਜਲੀ ਦੀ ਘਾਟ ਨੇ ਪਾਣੀ ਦੀ ਕਿੱਲਤ ਨੂੰ ਵਧਾ ਦਿੱਤਾ ਹੈ | ਜਿਸ ਨਾਲ ਰੋਜ਼ਾਨਾ ਦੇ ਕੰਮ ਸਮੇਂ ਸਿਰ ਪੂਰੇ ਨਹੀਂ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਪਿੰਡਾਂ 'ਚ ਬਿਜਲੀ ਨਾ ਆਉਣ ਕਾਰਨ ਮੱਛਰਾਂ ਦੀ ਮਾਰ ਝੱਲ ਰਹੇ ਲੋਕ ਮਲੇਰੀਆ ਬੁਖ਼ਾਰ ਦੀ ਮਾਰ ਹੇਠ ਆ ਰਹੇ ਹਨ | ਕਿਸਾਨ ਆਗੂਆਂ ਨੇ ਕਿਹਾ ਕਿ ਇਕ ਪਾਸੇ ਜਿੱਥੇ ਸੂਬੇ ਦੀ ਸਰਕਾਰ ਵਲੋਂ ਵਾਧੂ ਬਿਜਲੀ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ | ਉੱਥੇ ਹੀ ਦੂਜੇ ਪਾਸੇ ਸੂਬੇ ਦੀ ਜਨਤਾ ਬਿਜਲੀ ਕੱਟਾਂ ਕਾਰਨ ਪ੍ਰੇਸ਼ਾਨੀ ਦੇ ਆਲਮ 'ਚ ਜੀਵਨ ਬਤੀਤ ਕਰ ਰਹੀ ਹੈ | ਕਿਸਾਨ ਆਗੂਆਂ ਨੇ ਆਖਿਆ ਕਿ ਸਰਕਾਰ ਬਿਜਲੀ ਸਪਲਾਈ ਨੂੰ ਯਕੀਨੀ ਬਣਾਵੇ |