ਤਲਵੰਡੀ ਭਾਈ, 28 ਅਪ੍ਰੈਲ (ਰਵਿੰਦਰ ਸਿੰਘ ਬਜਾਜ)-ਸਥਾਨਕ ਦਾਣਾ ਮੰਡੀ 'ਚ ਫਾਇਰ ਕਰਨ ਅਤੇ ਸਾਮਾਨ ਦੀ ਭੰਨਤੋੜ ਕਰਨ ਦੇ ਦੋਸ਼ਾਂ ਹੇਠ ਥਾਣਾ ਤਲਵੰਡੀ ਭਾਈ ਦੀ ਪੁਲਿਸ ਨੇ ਅਣਪਛਾਤਿਆਂ ਸਮੇਤ 4 ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਸ਼ਿਕਾਇਤਕਰਤਾ ਨਾਨਕ ਸਿੰਘ ਪੁੱਤਰ ਯੋਧ ਸਿੰਘ ਵਾਸੀ ਵਾਰਡ ਨੰਬਰ 5 ਤਲਵੰਡੀ ਭਾਈ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਏ ਕਿ ਉਹ ਦਾਣਾ ਮੰਡੀ ਤਲਵੰਡੀ ਭਾਈ ਮਾਰਕੀਟ ਕਮੇਟੀ ਵਿਚ ਆਰਜ਼ੀ ਕਲਰਕ ਲੱਗਾ ਹੈ ਕਿ ਮੁਲਜ਼ਮਾਂ ਵਲੋਂ ਅੱਜ ਵਕਤ ਕਰੀਬ 12 ਤੋਂ 12:30 ਦੁਪਹਿਰ ਦਾਣਾ ਮੰਡੀ ਵਿਚ ਆ ਕੇ ਫਾਇਰ ਕੀਤੇ ਤੇ ਉੱਥੇ ਪਏ ਸਮਾਨ ਦੀ ਭੰਨਤੋੜ ਕੀਤੀ ਗਈ ਅਤੇ ਧਮਕੀਆਂ ਦਿੱਤੀਆਂ ਗਈਆਂ | ਵਜ੍ਹਾ ਰੰਜਸ਼ ਇਹ ਹੈ ਕਿ ਅੱਜ ਤੋਂ ਕਰੀਬ 10 ਦਿਨ ਪਹਿਲਾਂ ਸਾਡੀ ਗੋਪਾ ਉਕਤ ਨਾਲ ਤਲਵੰਡੀ ਲੜਾਈ ਹੋਈ ਸੀ | ਜਿਸ ਕਰਕੇ ਅੱਜ ਗੋਪਾ ਵਗ਼ੈਰਾ ਨੇ ਸਲਾਹ ਕਰਕੇ ਇਹ ਹਮਲਾ ਕੀਤਾ | ਏ.ਐੱਸ.ਆਈ ਮੇਜਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਮੁਲਜ਼ਮ ਗੋਪਾ ਪੁੱਤਰ ਚਰਨਜੀਤ ਵਾਸੀ ਪਿੰਡ ਰਟੋਲ ਰੋਹੀ ਥਾਣਾ ਸਦਰ ਜ਼ੀਰਾ ਅਤੇ 3 ਹੋਰ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਹੈ |