ਮੁੱਦਕੀ, 28 ਅਪ੍ਰੈਲ (ਭਾਰਤ ਭੂਸ਼ਨ ਅਗਰਵਾਲ)-ਪਾਣੀ ਸਾਡੇ ਜੀਵਨ ਲਈ ਬਹੁਤ ਅਨਮੋਲ ਹੈ, ਗਰਮੀਆਂ 'ਚ ਮਨੁੱਖ ਦੇ ਨਾਲ-ਨਾਲ ਪਸ਼ੂ-ਪੰਛੀਆਂ ਨੂੰ ਵੀ ਪਾਣੀ ਦੀ ਬਹੁਤ ਲੋੜ ਹੁੰਦੀ ਹੈ | ਮਨੁੱਖ ਤਾਂ ਪਾਣੀ ਦਾ ਪ੍ਰਬੰਧ ਕਰ ਲੈਂਦਾ ਹੈ ਪਰ ਬੇਜ਼ਬਾਨ ਪਸ਼ੂ-ਪੰਛੀਆਂ ਨੂੰ ਅਤਿ ਦੀ ਗਰਮੀ 'ਚ ਆਪਣੀ ਪਿਆਸ ਬੁਝਾਉਣ ਲਈ ਦਰ-ਦਰ ਭਟਕਣਾ ਪੈਂਦਾ ਹੈ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜ ਸੇਵਕ ਬਲਵਿੰਦਰ ਸਿੰਘ ਖੁਰਮੀ (ਖੁਰਮੀ ਜਿਊਲਰਜ਼ ਮੁੱਦਕੀ ਵਾਲੇ) ਨੇ ਕੀਤਾ | ਉਨ੍ਹਾਂ ਦੱਸਿਆ ਕਿ ਦਿਨੋਂ-ਦਿਨ ਵੱਧ ਰਹੀ ਗਰਮੀ ਨੇ ਜਿੱਥੇ ਆਮ ਲੋਕਾਂ ਦੇ ਜੀਵਨ 'ਤੇ ਬੁਰਾ ਪ੍ਰਭਾਵ ਪਾਇਆ ਹੈ ਉੱਥੇ ਹੀ ਬੇਜ਼ਬਾਨ ਪੰਛੀ ਵੀ ਇਸ ਕਹਿਰ ਵਾਲੀ ਗਰਮੀ ਤੋਂ ਆਪਣਾ ਬਚਾਅ ਕਰਨ ਲਈ ਠੰਢੀ ਛਾਂ ਅਤੇ ਪਾਣੀ ਦੀ ਤਲਾਸ਼ ਵਿਚ ਘੁੰਮਦੇ ਰਹਿੰਦੇ ਹਨ | ਕਈ ਵਾਰ ਪਾਣੀ ਨਾ ਮਿਲਣ ਕਰਕੇ ਪੰਛੀ ਬੇਹੋਸ਼ ਹੋ ਕੇ ਡਿਗ ਪੈਂਦੇ ਹਨ | ਪਿੰਡਾਂ 'ਚ ਜਿੱਥੇ ਲੋਕਾਂ ਕੋਲ ਜ਼ਿਆਦਾ ਥਾਂ ਨਾ ਹੋਣ ਕਾਰਨ ਪੰਛੀਆਂ ਦੀ ਪਿਆਸ ਬੁਝਾਉਣ ਲਈ ਪੇਂਡੂ ਮਿੱਟੀ ਦੇ ਭਾਂਡਿਆਂ ਦਾ ਵਿਸ਼ੇਸ਼ ਇੰਤਜ਼ਾਮ ਕਰਦੇ ਹਨ ਉੱਥੇ ਹੀ ਸ਼ਹਿਰਾਂ 'ਚ ਲੋਕ ਆਪਣੀਆਂ ਛੱਤਾਂ 'ਤੇ ਮਿੱਟੀ ਦੇ ਭਾਂਡਿਆਂ ਦੀ ਵਰਤੋਂ ਕਰਦੇ ਹਨ | ਸਮਾਜ ਸੇਵੀ ਖੁਰਮੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗਰਮੀ ਦੇ ਮੌਸਮ 'ਚ ਪੰਛੀਆਂ ਤੇ ਜਾਨਵਰਾਂ ਦੀ ਪਿਆਸ ਬੁਝਾਉਣ ਲਈ ਮਿੱਟੀ ਦੇ ਬਰਤਨਾਂ ਵਿਚ ਪਾਣੀ ਭਰ ਕੇ ਜ਼ਰੂਰ ਰੱਖਣ ਅਤੇ ਵੱਧ ਤੋਂ ਵੱਧ ਬੂਟੇ ਲਗਾ ਕੇ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਵਿਚ ਆਪਣਾ ਸਹਿਯੋਗ ਦੇਣ |