ਗੁਰੂਹਰਸਹਾਏ, 2 ਮਈ (ਕਪਿਲ ਕੰਧਾਰੀ)-ਲਿਟਲ ਫਲਾਵਰ ਕਾਨਵੈਂਟ ਸਕੂਲ, ਗੁਰੂਹਰਸਹਾਏ ਦੀ ਪ੍ਰਬੰਧਕੀ ਕਮੇਟੀ, ਪਿ੍ੰਸੀਪਲ ਅਤੇ ਸਮੂਹ ਅਧਿਆਪਕਾਂ ਵਲੋਂ ਹਾਲ ਹੀ ਵਿਚ ਐਲਾਨੇ ਗਏ ਦਸਵੀਂ ਜਮਾਤ ਦੇ ਬੋਰਡ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ ਹੈ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਕੂਲ ਦੀ ਪਿ੍ੰਸੀਪਲ ਨੇ ਦੱਸਿਆ ਕਿ ਸਕੂਲ ਦਾ ਇਸ ਸਾਲ ਦਾ ਨਤੀਜਾ ਸ਼ਾਨਦਾਰ ਰਿਹਾ, ਜੋ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਲਗਨ ਅਤੇ ਅਨੁਸ਼ਾਸਨ ਦਾ ਪ੍ਰਤੱਖ ਸਬੂਤ ਹੈ | ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਵਿਦਿਆਰਥੀਆ ਨੇ ਡਿਸਟਿੰਕਸ਼ਨ ਹਾਸਲ ਕਰਕੇ ਅਤੇ ਮੈਰਿਟ ਸੂਚੀ ਵਿਚ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਉਨ੍ਹਾਂ ਦੱਸਿਆ ਕਿ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਵਿਚ ਸਮਰਵੀਰ ਸਿੰਘ ਨੇ 97.4 ਫ਼ੀਸਦੀ ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਵਿਲਸਨ ਨੇ 97.2 ਫ਼ੀਸਦੀ ਅਤੇ ਵਾਨੀ ਨੇ 95.4 ਫ਼ੀਸਦੀ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਤੋਂ ਇਲਾਵਾ ਪੰਜਾਬੀ ਵਿਸ਼ੇ ਵਿਚ 24 ਵਿਦਿਆਰਥੀਆਂ ਨੇ 100 ਵਿਚੋਂ 100 ਅੰਕ ਹਾਸਲ ਕੀਤੇ | ਸਰੀਰਕ ਸਿੱਖਿਆ ਵਿਚ ਪੰਜ ਵਿਦਿਆਰਥੀਆਂ ਅਤੇ ਸਮਾਜਿਕ ਸਿੱਖਿਆ ਵਿਚ ਇਕ ਵਿਦਿਆਰਥੀ ਨੇ ਪੂਰੇ ਅੰਕ ਪ੍ਰਾਪਤ ਕੀਤੇ | ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਮਿਹਨਤ ਦੇ ਨਾਲ-ਨਾਲ ਅਧਿਆਪਕਾਂ ਦੀ ਸਮਰਪਿਤ ਸੇਵਾ ਅਤੇ ਮਾਪਿਆਂ ਦੇ ਨਿਰੰਤਰ ਸਹਿਯੋਗ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਸਿੱਖਿਆ ਹੀ ਭਵਿੱਖ ਦੀ ਸਫਲਤਾ ਦਾ ਮਜ਼ਬੂਤ ਆਧਾਰ ਹੈ ਅਤੇ ਵਿਦਿਆਰਥੀਆਂ ਨੂੰ ਹਮੇਸ਼ਾ ਉੱਚੇ ਆਦਰਸ਼ਾਂ ਅਤੇ ਨੈਤਿਕ ਮੁੱਲਾਂ ਨੂੰ ਅਪਣਾਉਣਾ ਚਾਹੀਦਾ ਹੈ | ਪ੍ਰਬੰਧਕੀ ਕਮੇਟੀ ਅਤੇ ਸਕੂਲ ਸਟਾਫ਼ ਨੇ ਸਾਰੇ ਵਿਦਿਆਰਥੀਆਂ ਦੇ ਸੁਨਹਿਰੇ ਅਤੇ ਉਜਲੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |