ਫਿਰੋਜ਼ਪੁਰ, 4 ਮਈ (ਗੁਰਿੰਦਰ ਸਿੰਘ)-ਰਾਜ ਵਿਚ ਸਿੱਖਿਆ, ਰੋਜ਼ਗਾਰ ਦੇ ਮੌਕੇ ਪੈਦਾ ਕਰਨ, ਸਮਾਜ ਸੇਵਾ ਅਤੇ ਹੋਰ ਖੇਤਰਾਂ ਵਿਚ ਸ਼ਲਾਘਾਯੋਗ ਯੋਗਦਾਨ ਲਈ ਡਾ. ਅਨਿਰੁੱਧ ਗੁਪਤਾ ਨੂੰ 'ਅਨਸੰਗ ਹੀਰੋ ਐਵਾਰਡ ਫਾਰ ਸੋਸ਼ਲ ਟਰਾਂਸਫਾਰਮੇਸ਼ਨ' ਨਾਲ ਸਨਮਾਨਿਤ ਕੀਤਾ ਗਿਆ ਹੈ | ਇਹ ਸਨਮਾਨ ਚੰਡੀਗੜ੍ਹ ਵਿਚ ਆਰਟ ਆਫ਼ ਲਿਵਿੰਗ ਵਲੋਂ ਆਪਣੀ 45ਵੀਂ ਵਰ੍ਹੇਗੰਢ ਅਤੇ ਸੰਸਥਾਪਕ ਸ੍ਰੀ ਸ੍ਰੀ ਰਵੀ ਸ਼ੰਕਰ ਦੇ 70ਵੇਂ ਜਨਮਦਿਨ ਮੌਕੇ ਆਯੋਜਿਤ ਸਮਾਗਮ ਦੌਰਾਨ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਵਲੋਂ ਪ੍ਰਦਾਨ ਕੀਤਾ ਗਿਆ | ਇਸ ਮੌਕੇ ਰਾਜਪਾਲ ਨੇ ਡਾ. ਗੁਪਤਾ ਦੇ ਯੋਗਦਾਨ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਸਿੱਖਿਆ ਦੇ ਖੇਤਰ ਵਿਚ ਆਧੁਨਿਕ ਅਤੇ ਗੁਣਵੱਤਾਪੂਰਨ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਸਮਾਜਿਕ ਤਰੱਕੀ ਲਈ ਕੀਤੇ ਜਾ ਰਹੇ ਉਪਰਾਲੇ ਕਾਬਿਲ-ਏ-ਤਾਰੀਫ਼ ਹਨ | ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕੇ ਵਿਚ ਰਹਿੰਦਿਆਂ ਹੋਏ ਵੀ ਡਾ. ਗੁਪਤਾ ਨੇ ਸਿੱਖਿਆ, ਖੇਡਾਂ ਅਤੇ ਯੁਵਕਾਂ ਨੂੰ ਆਤਮਨਿਰਭਰ ਬਣਾਉਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ | ਜੋ ਹੋਰਨਾਂ ਲਈ ਪ੍ਰੇਰਣਾਦਾਇਕ ਹੈ | ਡਾ. ਅਨੀਰੁੱਧ ਗੁਪਤਾ ਜੋ ਡੀ.ਸੀ.ਐਮ ਗਰੁੱਪ ਆਫ਼ ਸਕੂਲਜ਼ ਦੇ ਸੀ.ਈ.ਓ ਹਨ, ਵੱਖ-ਵੱਖ ਖੇਤਰਾਂ ਵਿਚ ਨਵੇਂ ਮਾਪਦੰਡ ਸਥਾਪਿਤ ਕਰ ਚੁੱਕੇ ਹਨ | ਉਨ੍ਹਾਂ ਨੂੰ ਹੁਣ ਤੱਕ 100 ਤੋਂ ਵੱਧ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਨਮਾਨ ਮਿਲ ਚੁੱਕੇ ਹਨ | ਜਿਨ੍ਹਾਂ ਵਿਚ ਕਈ ਵਾਰ 'ਐਡੂਪ੍ਰਨਿਊਰ ਆਫ਼ ਦ ਯੀਅਰ' ਅਤੇ 'ਐਡੂ ਲੀਡਰ ਆਫ਼ ਦ ਯੀਅਰ' ਵਰਗੇ ਖ਼ਿਤਾਬ ਸ਼ਾਮਿਲ ਹਨ | ਇਸ ਤੋਂ ਇਲਾਵਾ ਉਨ੍ਹਾਂ ਨੂੰ 'ਟਾਈਮਜ਼ ਪਾਵਰ ਆਈਕਨ ਐਵਾਰਡ 2021' ਅਤੇ 'ਦ ਪ੍ਰਾਈਡ ਆਫ਼ ਇੰਡੀਅਨ ਐਜੂਕੇਸ਼ਨ ਐਵਾਰਡ' ਨਾਲ ਵੀ ਨਿਵਾਜਿਆ ਜਾ ਚੁੱਕਾ ਹੈ | ਜ਼ਿਲ੍ਹੇ ਵਿਚ ਉਨ੍ਹਾਂ ਦੇ ਯੋਗਦਾਨ ਦੇ ਕਾਰਨ ਕਰੀਬ 3500 ਪਰਿਵਾਰਾਂ ਨੂੰ ਸਿੱਧੇ ਅਤੇ ਅਸਿੱਧੇ ਤੌਰ 'ਤੇ ਰੋਜ਼ਗਾਰ ਮਿਲ ਰਿਹਾ ਹੈ | ਸਥਾਨਕ ਲੋਕ ਡਾ. ਗੁਪਤਾ ਨੂੰ ਫਿਰੋਜ਼ਪੁਰ ਲਈ ਵਰਦਾਨ ਮੰਨਦੇ ਹਨ |