ਫ਼ਿਰੋਜ਼ਪੁਰ, 4 ਮਈ (ਕੁਲਬੀਰ ਸਿੰਘ ਸੋਢੀ)-ਪਨਗ੍ਰੇਨ ਅਧਿਕਾਰੀ ਵਿਰੁੱਧ ਕਾਰਵਾਈ ਕਰਵਾਉਣ ਸਬੰਧੀ ਇਕ ਕਮਿਸ਼ਨ ਏਜੰਟ ਵਲੋਂ ਵਿਜੀਲੈਂਸ ਬਿਊਰੋ ਨੂੰ ਚਿੱਠੀ ਲਿਖੀ ਹੈ ਤੇ ਉਸ ਵਿਚ ਕਈ ਤਰ੍ਹਾਂ ਦੇ ਖ਼ੁਲਾਸੇ ਕੀਤੇ ਹਨ ਕਿ ਪਨਗ੍ਰੇਨ ਦਾ ਅਧਿਕਾਰੀ ਆਪਣੇ ਅਹੁਦੇ ਦਾ ਦੁਰਉਪਯੋਗ ਕਰਕੇ ਕਿਸ ਤਰ੍ਹਾਂ ਆਪਣੇ ਰਿਸ਼ਤੇਦਾਰਾਂ ਨੂੰ ਫ਼ਾਇਦਾ ਦੇ ਰਿਹਾ ਹੈ | ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦੇ ਹੋਏ ਮਹਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਉਹ ਬਤੌਰ ਕਮਿਸ਼ਨ ਏਜੰਟ ਵਜੋਂ ਮੰਡੀ ਚੁਗੱਤੇ ਵਾਲਾ ਤਹਿਸੀਲ ਵਾ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਹੈ ਤੇ ਫ਼ਰਮ ਦਾ ਮਾਲ ਮੰਡੀ ਚੁਗੱਤੇ ਵਾਲਾ 'ਚ ਆਉਂਦਾ ਹੈ | ਉਨ੍ਹਾਂ ਦੱਸਿਆ ਕਿ ਸਾਡੀ ਫ਼ਰਮ ਨੂੰ ਮੰਡੀ 'ਚ ਪਨਗਰੇਨ ਏਜੰਸੀ ਅਲਾਟ ਹੋਈ ਹੈ, ਜਿਸ ਵਲੋਂ ਸਾਡੀ ਫ਼ਰਮ ਦਾ ਮਾਲ ਦੀ ਖ਼ਰੀਦ ਕੀਤੀ ਗਈ ਹੈ ਅਤੇ ਇਸ ਮੰਡੀ ਦਾ ਇੰਚਾਰਜ ਪਨਗਰੇਨ ਦੇ ਇਕ ਇੰਸਪੈਕਟਰ ਲਗਾਇਆ ਹੋਇਆ ਹੈ | ਉਨ੍ਹਾਂ ਇੰਸਪੈਕਟਰ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਕਤ ਅਧਿਕਾਰੀ ਭਿ੍ਸ਼ਟ ਹੈ ਤੇ ਮੰਡੀ ਚੁਗੱਤੇ ਵਾਲਾ 'ਚ ਆਉਣ ਵਾਲਾ ਮਾਲ ਆਪਣੇ ਨੇੜਲਿਆਂ ਜਾਣਕਾਰ ਸ਼ੈਲਰਾਂ ਦੀਆ ਪਲੱਥਾ ਅਲਾਟ ਕਰਵਾ ਕੇ ਲਗਵਾ ਰਿਹਾ ਹੈ, ਜੋ ਕਿ ਮੰਡੀ ਚੁਗੱਤੇ ਵਾਲਾ ਤੋਂ ਕਰੀਬ 30 ਕਿੱਲੋਮੀਟਰ ਦੂਰੀ 'ਤੇ ਪਿੰਡ ਭਾਗੋ ਕੇ ਵਿਚ ਹੈ | ਕਮਿਸ਼ਨ ਏਜੰਟ ਨੇ ਦੱਸਿਆ ਕਿ ਜਦ ਚੁਗੱਤੇ ਵਾਲਾ ਤੋਂ ਪਿੰਡ ਭਾਗੋ ਕੇ ਜਾਈਏ ਤਾਂ ਰਸਤੇ ਵਿਚ ਕਈ ਸ਼ੈਲਰ ਤੇ ਪਲੰਥ ਹਨ | ਜਿੱਥੇ ਸਰਕਾਰੀ ਮਾਲ ਲੱਥ ਰਿਹਾ ਹੈ | ਪਰ ਉਕਤ ਇੰਸਪੈਕਟਰ ਆਪਣੇ ਨਿੱਜੀ ਸ਼ੈਲਰਾਂ ਨੂੰ ਫ਼ਾਇਦਾ ਪਹੁੰਚਾਉਣ ਲਈ ਇੰਨੀ ਦੂਰ ਕਣਕ ਭੇਜ ਰਿਹਾ ਹੈ | ਜਿੱਥੇ ਇਹ ਫ਼ਰਮਾਂ ਤੋਂ ਰਿਸ਼ਵਤ ਦੀ ਮੰਗ ਕਰਦਾ ਹੈ ਤੇ ਜੇਕਰ ਕੋਈ ਰਿਸ਼ਵਤ ਦੇਣ ਤੋਂ ਮਨਾਹੀ ਕਰਦਾ ਹੈ ਤਾਂ ਇਹ ਉਸ ਦੇ ਮਾਲ ਦੀ ਘਾਟ ਕੱਟ ਕੇ ਬੋਰੀਆਂ ਘਟਾ ਦਿੰਦਾ ਹੈ | ਉਨ੍ਹਾਂ ਸੂਬਾ ਸਰਕਾਰ ਤੇ ਵਿਜੀਲੈਂਸ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਉਕਤ ਇੰਸਪੈਕਟਰ ਦੀ ਜਾਂਚ ਕਰਦੇ ਹੋਏ ਪੜਤਾਲ ਕੀਤੀ ਜਾਵੇ |