ਫਿਰੋਜ਼ਪੁਰ 4 ਮਈ (ਰਾਕੇਸ਼ ਚਾਵਲਾ)- ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਿਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ, ਐੱਸ. ਏ. ਐੱਸ. ਨਗਰ (ਮੋਹਾਲੀ) ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸੁਮੀਤ ਮਲਹੋਤਰਾ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਹਿਤ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫਿਰੋਜ਼ਪੁਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫਿਰੋਜ਼ਪੁਰ ਵਲੋਂ ਜ਼ਿਲ੍ਹਾ ਕਚਹਿਰੀਆਂ, ਫਿਰੋਜ਼ਪੁਰ ਦੇ ਨਾਲ-ਨਾਲ ਸਬ-ਤਹਿਸੀਲਾਂ ਜ਼ੀਰਾ ਅਤੇ ਗੁਰੂਹਰਸਹਾਏ ਵਿਚ ਮਿਤੀ 9 ਮਈ 2026 ਨੂੰ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ | ਜਿਸ ਸਬੰਧੀ ਜੱਜ ਸਾਹਿਬ ਨੇ ਦੱਸਿਆ ਕਿ ਇਸ ਕੌਮੀ ਲੋਕ ਅਦਾਲਤ ਦੀ ਵੱਧ ਤੋਂ ਵੱਧ ਸਫਲਤਾ ਲਈ ਪ੍ਰੀ ਲੋਕ ਅਦਾਲਤ ਲਗਾਈ ਜਾ ਰਹੀ ਹੈ ਤਾਂ ਜੋ ਕੌਮੀ ਲੋਕ ਅਦਾਲਤ ਵਿਚ ਰੱਖੇ ਗਏ ਕੇਸ ਨੂੰ ਅਲੱਗ-ਅਲੱਗ ਤਰੀਕਾਂ 'ਤੇ ਸੁਣ ਕੇ ਨਿਪਟਾਰਾ ਕੀਤਾ ਜਾ ਸਕੇ | ਜੱਜ ਸਾਹਿਬ ਵਲੋਂ ਦੱਸਿਆ ਗਿਆ ਕਿ ਇਸ ਲੋਕ ਅਦਾਲਤ ਵਿਚ ਸਿਵਲ ਕੇਸ, ਸਿਵਲ ਐਗੀਕਿਊਸ਼ਨ, ਪਰਿਵਾਰਿਕ ਝਗੜੇ, ਬੈਂਕ ਰਿਕਵਰੀ ਕੇਸ, ਅਰਧ ਸਿਵਲ ਕੇਸ ਅਤੇ ਫੁਟਕਲ ਸਿਵਲ ਮਾਮਲੇ ਆਦਿ ਦਾ ਨਿਪਟਾਰਾ ਕੀਤਾ ਜਾਣਾ ਹੈ | ਇਸ ਦੇ ਨਾਲ ਹੀ ਸੰਗੀਨ ਫ਼ੌਜਦਾਰੀ ਕੇਸਾਂ ਨੂੰ ਛੱਡ ਕੇ, ਜਿਵੇਂ ਕਿ ਹਰ ਕਿਸਮ ਦੇ ਦੀਵਾਨੀ ਕੇਸ, ਪਰਿਵਾਰਿਕ ਝਗੜੇ, ਰੈਵਿਨਿਉ ਕੇਸ, ਚੈੱਕ ਬਾਉਂਸ, ਕਰਿਮਨਲ ਐਗਜਕਿਊਸ਼ਨ ਅਤੇ ਟਰੈਫ਼ਿਕ ਚਲਾਨ ਆਦਿ ਕੇਸਾਂ ਦੀ ਇਸ ਲੋਕ ਅਦਾਲਤ ਵਿਚ ਸੁਣਵਾਈ ਕੀਤੀ ਜਾਵੇਗੀ | ਇਸ ਤੋਂ ਇਲਾਵਾ ਬੈਂਕ ਲੋਨ ਕੇਸ, ਇਨਸ਼ਿਉਰੈਸ ਰਿਕਵਰੀ ਕੇਸਾਂ ਦੀ ਵੀ ਸੁਣਵਾਈ ਹੋਵੇਗੀ | ਲੋਕ ਅਦਾਲਤਾਂ ਵਿਚ ਫੈਸਲਾ ਹੋਏ ਕੇਸਾਂ ਦੀ ਕੋਈ ਅਪੀਲ ਦਲੀਲ ਨਹੀਂ ਹੁੰਦੀ ਹੈ ਲੋਕ ਅਦਾਲਤ ਵਿਚ ਹੋਏ ਫ਼ੈਸਲੇ ਨੂੰ ਡਿਕਰੀ ਦੀ ਮਾਨਤਾ ਪ੍ਰਾਪਤ ਹੈ | ਇਸਦੇ ਫ਼ੈਸਲੇ ਤਸੱਲੀਬਖ਼ਸ਼ ਹੁੰਦੇ ਹਨ ਅਤੇ ਧਿਰਾਂ ਨੂੰ ਮੁਕੱਦਮੇ ਬਾਜ਼ੀ ਤੋਂ ਮੁਕਤੀ ਮਿਲਦੀ ਹੈ |