ਗੁਰੂਹਰਸਹਾਏ, 4 ਮਈ (ਕਪਿਲ ਕੰਧਾਰੀ)-ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੀ ਇਲਾਕਾ ਜਥੇਬੰਦਕ ਕਮੇਟੀ ਗੁਰੂਹਰਸਹਾਏ ਵਲੋਂ ਲਏ ਗਏ ਫ਼ੈਸਲੇ ਅਨੁਸਾਰ ਮਜ਼ਦੂਰਾਂ ਦੀਆਂ ਮੰਗਾਂ ਅਤੇ ਮਸਲਿਆਂ ਸਬੰਧੀ ਬਲਾਕ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਬਲਾਕ ਅਫ਼ਸਰ (ਬੀ.ਡੀ.ਪੀ.ਓ) ਗੁਰੂਹਰਸਹਾਏ ਨੂੰ ਮਿਲਣ ਲਈ ਇਕ ਡੈਪੂਟੇਸ਼ਨ ਇਲਾਕਾ ਜਥੇਬੰਦਕ ਕਨਵੀਨਰ ਕੁਲਦੀਪ ਸਿੰਘ ਮੋਠਾਂ ਵਾਲਾ ਦੀ ਅਗਵਾਈ ਹੇਠ ਪਹੁੰਚਿਆ | ਬੀ.ਡੀ.ਪੀ.ਓ ਦੇ ਦਫ਼ਤਰ 'ਚ ਹਾਜ਼ਰ ਨਾ ਹੋਣ ਕਾਰਨ ਡੈਪੂਟੇਸ਼ਨ ਵਲੋਂ ਐਸ.ਸੀ.ਪੀ.ਓ ਧਰਮ ਦਾਸ ਨੂੰ ਮੰਗ ਪੱਤਰ ਸੌਂਪਿਆ ਗਿਆ | ਇਸ ਮੌਕੇ ਇਲਾਕਾ ਕੈਸ਼ੀਅਰ ਇੰਦਰਜੀਤ ਸਿੰਘ ਕ੍ਰਾਂਤੀ ਅਤੇ ਇਲਾਕਾ ਜਥੇਬੰਦਕ ਕਮੇਟੀ ਮੈਂਬਰ ਸੰਦੀਪ ਸਿੰਘ ਝੁੱਗੇ ਸੰਤਾਂ ਸਿੰਘ ਵਾਲਾ ਨੇ ਪੈੱ੍ਰਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਿੰਡਾਂ ਦੇ ਮਜ਼ਦੂਰਾਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਮੰਗਾਂ ਅਤੇ ਮਸਲਿਆਂ ਨੂੰ ਲੈ ਕੇ ਸੰਬੰਧਿਤ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਸਾਲ 2025 ਵਿਚ ਸਰਕਾਰ ਵਲੋਂ ਕਰਵਾਏ ਗਏ ਸੈੱਲਫ਼ ਸਰਵੇ ਅਧੀਨ ਲਾਭਪਾਤਰੀਆਂ ਨੂੰ ਗਰਾਂਟ ਜਾਰੀ ਕਰਨ ਲਈ ਪਾਸ ਕੀਤੀਆਂ ਨਵੀਆਂ ਸੂਚੀਆਂ ਦੀ ਮੰਗ ਕੀਤੀ ਗਈ ਹੈ | ਇਸ ਤੋਂ ਇਲਾਵਾ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਦੀਆਂ ਬੋਲੀਆਂ ਸਬੰਧੀ ਪੰਜਾਬ ਸਰਕਾਰ ਵਲੋਂ ਸਾਲ 2026 ਵਿਚ ਜਾਰੀ ਨੋਟੀਫ਼ਿਕੇਸ਼ਨ ਦੀ ਕਾਪੀ ਵੀ ਮੰਗੀ ਗਈ ਹੈ | ਮਜ਼ਦੂਰ ਆਗੂਆਂ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਕਈ ਮਜ਼ਦੂਰਾਂ ਨੂੰ ਕਿਸ਼ਤਾਂ ਜਾਰੀ ਨਹੀਂ ਕੀਤੀਆਂ ਜਾ ਰਹੀਆਂ ਅਤੇ ਕੁੱਝ ਸੰਬੰਧਿਤ ਅਧਿਕਾਰੀਆਂ ਅਤੇ ਮੇਟਾਂ ਵਲੋਂ ਲਾਭਪਾਤਰੀਆਂ ਤੋਂ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਹੈ | ਉਨ੍ਹਾਂ ਮੰਗ ਕੀਤੀ ਕਿ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਇਸ ਮਾਮਲੇ ਦਾ ਗੰਭੀਰ ਨੋਟਿਸ ਲਵੇ ਅਤੇ ਯੋਗ ਲਾਭਪਾਤਰੀਆਂ ਨੂੰ ਨਵੀਆਂ ਸੂਚੀਆਂ ਤੁਰੰਤ ਜਾਰੀ ਕੀਤੀਆਂ ਜਾਣ | ਉਨ੍ਹਾਂ ਅੱਗੇ ਮੰਗ ਕੀਤੀ ਕਿ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਦੀਆਂ ਡੰਮ੍ਹੀ ਬੋਲੀਆਂ ਬੰਦ ਕੀਤੀਆਂ ਜਾਣ ਅਤੇ ਮਜ਼ਦੂਰਾਂ ਦੇ ਰਿਜ਼ਰਵ ਕੋਟੇ ਵਾਲੀ ਜ਼ਮੀਨ ਘੱਟ ਰੇਟ 'ਤੇ ਸਾਂਝੀ ਖੇਤੀ ਲਈ ਮਜ਼ਦੂਰਾਂ ਨੂੰ ਠੇਕੇ 'ਤੇ ਦਿੱਤੀ ਜਾਵੇ | ਇਸ ਡੈਪੂਟੇਸ਼ਨ ਵਿਚ ਰਾਣਾ ਸਿੰਘ ਕੋਹਰ ਸਿੰਘ ਵਾਲਾ, ਮਹਿੰਦਰ ਸਿੰਘ ਛਾਂਗਾ ਰਾਏ ਉਤਾੜ, ਦਰਸ਼ਨ ਸਿੰਘ ਨਿਧਾਨਾ ਅਤੇ ਸਮਿਤਰਾ ਰਾਣੀ ਵੀ ਸ਼ਾਮਿਲ ਸਨ |