ਗੁਰੂਹਰਸਹਾਏ, 4 ਮਈ (ਕਪਿਲ ਕੰਧਾਰੀ)-ਸਰਬ ਭਾਰਤ ਨੌਜਵਾਨ ਸਭਾ ਅਤੇ ਕੰਸਟਰੱਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਵਲੋਂ ਅੱਜ ਸਥਾਨਕ ਲੇਬਰ ਇੰਸਪੈਕਟਰ ਦਫ਼ਤਰ ਵਿਖੇ ਲਗਾਇਆ ਜਾਣ ਵਾਲਾ ਰੋਸ ਧਰਨਾ ਲੇਬਰ ਇੰਸਪੈਕਟਰ ਵਲੋਂ ਵਿਸ਼ਵਾਸ ਦਿਵਾਉਣ 'ਤੇ ਮੁਲਤਵੀ ਕਰ ਦਿੱਤਾ ਗਿਆ ਹੈ | ਜ਼ਿਕਰਯੋਗ ਹੈ ਉਕਤ ਅਧਿਕਾਰੀ ਵਲੋਂ ਉਸਾਰੀ ਕਿਰਤੀਆਂ ਦੀਆਂ ਲਾਭਪਾਤਰੀ ਕਾਪੀਆਂ ਤੇ ਗ਼ੈਰ ਵਾਜਬ ਇਤਰਾਜ਼ ਲਗਾ ਕੇ ਖੱਜਲ ਖ਼ੁਆਰ ਕੀਤਾ ਜਾਂਦਾ ਸੀ ਅਤੇ ਕਿਰਤੀਆਂ ਦੇ ਵਜ਼ੀਫ਼ੇ ਫਾਰਮ, ਐਕਸ ਗ੍ਰੇਸ਼ੀਆ ਆਦਿ ਮਸਲੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਸਨ ਜਿਸ ਤੇ ਉਕਤ ਜਥੇਬੰਦੀਆਂ ਦੇ ਆਗੂਆਂ ਨੇ ਰੋਸ ਵਜੋਂ ਅੱਜ ਧਰਨਾ ਦੇਣ ਦਾ ਐਲਾਨ ਕੀਤਾ ਹੋਇਆ ਸੀ | ਇਸ ਮਾਮਲੇ ਵਿਚ ਕਿਰਤ ਵਿਭਾਗ ਦੇ ਅਧਿਕਾਰੀਆਂ ਵਲੋਂ ਪਹੁੰਚ ਕਰਕੇ ਦੋਨਾਂ ਧਿਰਾਂ ਦੀ ਸਹਿਮਤੀ ਕਰਵਾ ਦਿੱਤੀ ਸੀ | ਇਸ ਸਹਿਮਤੀ ਅਨੁਸਾਰ ਲੇਬਰ ਇੰਸਪੈਕਟਰ ਨੇ ਆਗੂਆਂ ਚਰਨਜੀਤ ਸਿੰਘ ਛਾਂਗਾ ਰਾਏ, ਬਲਾਕ ਕਨਵੀਨਰ ਪਰਮਿੰਦਰ ਰਹਿਮੇਸ਼ਾਹ, ਕੋ ਕਨਵੀਨਰ ਅਮਰਜੀਤ ਸਿੰਘ ਅਤੇ ਬਲਵਿੰਦਰ ਸਿੰਘ ਸਰੂਪੇ ਵਾਲਾ ਆਦਿ ਨਾਲ ਮੌਕੇ ਤੇ ਮੀਟਿੰਗ ਕਰਕੇ ਕਿਰਤੀਆਂ ਦੇ ਸਾਰੇ ਮਸਲੇ ਤੁਰੰਤ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ ਹੈ ਅਤੇ ਕਿਹਾ ਕਿ ਅੱਗੇ ਤੋਂ ਕਿਸੇ ਵੀ ਉਸਾਰੀ ਕਿਰਤੀ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਦਫ਼ਤਰ ਵਿਚ ਸਾਰੇ ਕੰਮ ਪਾਰਦਰਸ਼ਤਾ ਨਾਲ ਕੀਤੇ ਜਾਣਗੇ | ਇਸ ਮੌਕੇ ਉਕਤ ਜਥੇਬੰਦੀਆਂ ਦੇ ਆਗੂਆਂ ਨੇ ਵੀ ਕਿਹਾ ਕਿ ਉਨ੍ਹਾਂ ਵਲੋਂ ਕਿਰਤ ਵਿਭਾਗ ਦੇ ਅਧਿਕਾਰੀਆਂ ਨਾਲ ਸਹਿਯੋਗ ਦੀ ਭਾਵਨਾ ਨਾਲ ਤਾਲਮੇਲ ਰੱਖਿਆ ਜਾਵੇਗਾ ਅਤੇ ਹਰ ਸੰਭਵ ਮਦਦ ਕੀਤੀ ਜਾਵੇਗੀ | ਜਿਸ ਨਾਲ ਕਿਰਤੀਆਂ ਦੀਆਂ ਮੁਸ਼ਕਲਾਂ ਹੱਲ ਹੋਣ | ਇਸ ਮੌਕੇ ਆਗੂਆਂ ਵਲੋਂ ਇਕ ਮੰਗ ਪੱਤਰ ਲੇਬਰ ਇੰਸਪੈਕਟਰ ਨੂੰ ਸੌਂਪਿਆ ਗਿਆ ਜਿਸ ਨੂੰ ਪ੍ਰਾਪਤ ਕਰਨ ਤੋਂ ਬਾਅਦ ਉਨ੍ਹਾਂ ਮੰਗ ਪੱਤਰ ਵਿਚ ਦਰਜ ਮੰਗਾਂ ਨੂੰ ਇਕ ਹਫ਼ਤੇ ਦੇ ਅੰਦਰ ਅੰਦਰ ਪੂਰਾ ਕਰਨ ਦਾ ਵਿਸ਼ਵਾਸ ਦਿਵਾਇਆ | ਇਸ ਮੌਕੇ ਓਥੇ ਹੋਰਨਾਂ ਤੋਂ ਇਲਾਵਾ ਗਵਰਨਰ ਸਿੰਘ ਦਰਬਾਰਾ ਸਿੰਘ ਵਾਲਾ, ਮਲਕੀਤ ਸਿੰਘ ਦਰਬਾਰਾ ਸਿੰਘ ਵਾਲਾ, ਮਨੋਜ ਸਿੰਘ ਬੂਲਾ ਰਾਏ, ਸੁਰਿੰਦਰ ਸਿੰਘ ਮੋਹਨ ਕੇ, ਬੱਗੂ ਸਿੰਘ ਨਿਧਾਨਾ, ਹਰਬੰਸ ਸਿੰਘ ਛਾਂਗਾ ਰਾਏ, ਪ੍ਰੀਤਮ ਸਿੰਘ ਬੂਲਾ ਹਿਠਾੜ, ਜੋਗਿੰਦਰ ਸਿੰਘ, ਜਸਵੰਤ ਸਿੰਘ ਮੇਘਾਂ, ਅਮਨਦੀਪ ਬਹਾਦਰ ਕੇ ਆਦਿ ਹਾਜ਼ਰ ਸਨ |