ਫ਼ਿਰੋਜ਼ਪੁਰ, 5 ਮਈ (ਗੁਰਿੰਦਰ ਸਿੰਘ)-ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ 8 ਮਈ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਸੀ.ਵੀ. ਰਮਨ ਹਾਲ ਵਿਚ 'ਤੇਜਸ ਪਹਿਲ' ਤਹਿਤ ਇਕ ਦਿਨਾ ਜ਼ਿਲ੍ਹਾ ਪੱਧਰੀ ਵਰਕਸ਼ਾਪ ਆਯੋਜਿਤ ਕੀਤੀ ਜਾ ਰਹੀ ਹੈ | ਇਹ ਵਰਕਸ਼ਾਪ ਜ਼ਿਲ੍ਹਾ ਉਦਯੋਗ ਕੇਂਦਰ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ | ਜਿਸ ਵਿਚ ਵਿਦਿਆਰਥੀਆਂ, ਫੈਕਲਟੀ ਮੈਂਬਰਾਂ ਅਤੇ ਚਾਹਵਾਨ ਉੱਦਮੀਆਂ ਦੀ ਵੱਡੀ ਭਾਗੀਦਾਰੀ ਦੀ ਉਮੀਦ ਹੈ | ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਦੀਪ ਸਿੰਘ ਗਿੱਲ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਵਣਜ ਅਤੇ ਉਦਯੋਗ ਮੰਤਰਾਲੇ ਦੇ ਅਧੀਨ ਸਟਾਰਟਅਪ ਇੰਡੀਆ ਵਲੋਂ ਦੇਸ਼ ਭਰ ਵਿਚ ਸਟਾਰਟ ਅੱਪ ਈਕੋ ਸਿਸਟਮ ਨੂੰ ਮਜ਼ਬੂਤ ਕਰਨ ਲਈ 'ਤੇਜਸ ਪਹਿਲ' ਸ਼ੁਰੂ ਕੀਤੀ ਗਈ ਹੈ | ਇਸ ਪਹਿਲ ਦਾ ਮੁੱਖ ਉਦੇਸ਼ ਗੈਰ-ਮੈਟਰੋ ਅਤੇ ਪਛੜੇ ਖੇਤਰਾਂ ਵਿਚ ਉਦਮਤਾ ਨੂੰ ਉਤਸ਼ਾਹਿਤ ਕਰਨਾ ਅਤੇ ਨਵੇਂ ਵਿਚਾਰਾਂ ਨੂੰ ਅੱਗੇ ਲਿਆਉਣਾ ਹੈ | ਉਨ੍ਹਾਂ ਕਿਹਾ ਕਿ ਵਰਕਸ਼ਾਪ ਦੌਰਾਨ ਭਾਗੀਦਾਰਾਂ ਨੂੰ ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰੋਤਸਾਹਨ ਵਿਭਾਗ ਵਲੋਂ ਸਟਾਰਟ ਅੱਪ ਮਾਨਤਾ ਪ੍ਰਕਿਰਿਆ, ਸਰਕਾਰੀ ਯੋਜਨਾਵਾਂ, ਫੰਡਿੰਗ ਮੌਕਿਆਂ, ਮਾਰਕੀਟ ਲੀਕੇਜ ਅਤੇ ਇਨਕਿਊਬੇਸ਼ਨ ਸਹਾਇਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ | ਇਹ ਮੰਚ ਨੌਜਵਾਨਾਂ ਨੂੰ ਆਪਣੇ ਕਾਰੋਬਾਰੀ ਵਿਚਾਰਾਂ ਨੂੰ ਹਕੀਕਤ ਵਿਚ ਬਦਲਣ ਲਈ ਮਦਦਗਾਰ ਸਾਬਤ ਹੋਵੇਗਾ | ਸ. ਗਿੱਲ ਨੇ ਹੋਰ ਦੱਸਿਆ ਕਿ ਫ਼ਿਰੋਜ਼ਪੁਰ ਜ਼ਿਲ੍ਹੇ ਵਿਚ ਖੇਤੀਬਾੜੀ, ਫੂਡ ਪ੍ਰੋਸੈਸਿੰਗ, ਛੋਟੇ ਉਦਯੋਗ ਅਤੇ ਸੇਵਾ ਖੇਤਰਾਂ ਵਿਚ ਉਦਮਤਾ ਲਈ ਵੱਡੇ ਮੌਕੇ ਹਨ | ਇਹ ਵਰਕਸ਼ਾਪ ਸਥਾਨਕ ਯੁਵਾ ਨੂੰ ਇਨ੍ਹਾਂ ਖੇਤਰਾਂ ਵਿਚ ਉਪਲਬਧ ਸੰਭਾਵਨਾਵਾਂ ਬਾਰੇ ਜਾਣੂ ਕਰਵਾਉਣ ਦੇ ਨਾਲ ਉਨ੍ਹਾਂ ਨੂੰ ਟਿਕਾਊ ਅਤੇ ਮਾਰਕੀਟ-ਅਧਾਰਿਤ ਉੱਦਮ ਸਥਾਪਿਤ ਕਰਨ ਲਈ ਪ੍ਰੇਰਿਤ ਕਰੇਗੀ | ਉਨ੍ਹਾਂ ਨੇ ਕਿਹਾ ਕਿ 'ਤੇਜਸ ਪਹਿਲ' ਭਾਰਤ ਸਰਕਾਰ ਦੇ ਆਤਮਨਿਰਭਰ ਭਾਰਤ ਅਤੇ ਵਿਕਸਿਤ ਭਾਰਤ 02047 ਦੇ ਵਿਜ਼ਨ ਨਾਲ ਜੁੜੀ ਹੋਈ ਹੈ, ਜਿਸ ਰਾਹੀਂ ਜ਼ਮੀਨੀ ਪੱਧਰ 'ਤੇ ਨਵੀਨਤਾ ਅਤੇ ਉਦਮਤਾ ਨੂੰ ਮਜ਼ਬੂਤੀ ਮਿਲੇਗੀ |