ਫ਼ਿਰੋਜ਼ਪੁਰ, 6 ਮਈ (ਗੁਰਿੰਦਰ ਸਿੰਘ)-ਬੀਤੇ ਦਿਨ ਫਗਵਾੜਾ ਵਿਖੇ ਆਯੋਜਿਤ 'ਨਵੀਆਂ ਕਲਮਾਂ ਨਵੀਂ ਉਡਾਣ' ਤਹਿਤ ਦੂਸਰੀ ਇਕ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫ਼ਰੰਸ 'ਚ ਜ਼ਿਲ੍ਹਾ ਫਿਰੋਜ਼ਪੁਰ ਦੀਆਂ ਦੋ ਵਿਦਿਆਰਥਣਾਂ ਨੇ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮੁਨੀਲਾ ਅਰੋੜਾ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸੁਨੀਤਾ ਰਾਣੀ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਡਾ. ਸਤਿੰਦਰ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਕੋਮਲ ਅਰੋੜਾ ਦੀ ਰਹਿਨੁਮਾਈ ਹੇਠ ਬਾਲ ਲੇਖਕ ਕਾਨਫ਼ਰੰਸ 'ਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਜੈਸਮੀਨ ਕੌਰ ਜਮਾਤ ਅੱਠਵੀਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੁਕਨਾਂ ਬੇਗੂ ਵਲੋਂ 'ਪ੍ਰਮਾਤਮਾ ਦੀ ਕੁਦਰਤ' ਅਤੇ ਪ੍ਰਭਜੀਤ ਕੌਰ ਜਮਾਤ ਛੇਵੀਂ, ਸਰਕਾਰੀ ਮਿਡਲ ਸਕੂਲ ਪਟੇਲ ਨਗਰ ਵਲੋਂ 'ਮਾਂ ਤੇ ਕੁਦਰਤ' ਵਿਸ਼ੇ 'ਤੇ ਲਿਖੀਆਂ ਕਵਿਤਾਵਾਂ ਸੁਣਾਈਆਂ ਗਈਆਂ, ਜਿਨ੍ਹਾਂ ਨੇ ਹਾਜ਼ਰ ਮਹਿਮਾਨਾਂ ਅਤੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ | ਵਿਦਿਆਰਥਣਾਂ ਦੀ ਤਿਆਰੀ ਵਿਚ ਅਧਿਆਪਕਾ ਸੁਦੇਸ਼ ਰਾਣੀ ਅਤੇ ਦਵਿੰਦਰ ਕੌਰ ਦਾ ਮਹੱਤਵਪੂਰਨ ਯੋਗਦਾਨ ਰਿਹਾ, ਜਦਕਿ ਪਿ੍ੰਸੀਪਲ ਹਰਫੂਲ ਸਿੰਘ ਅਤੇ ਬੀ.ਪੀ.ਈ.ਓ. ਸੁਮਨਦੀਪ ਵਲੋਂ ਵੀ ਵਿਸ਼ੇਸ਼ ਸਹਿਯੋਗ ਦਿੱਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਫਿਰੋਜ਼ਪੁਰ ਟੀਮ ਦੇ ਪ੍ਰਧਾਨ ਡਾ. ਅਮਰ ਜੋਤੀ ਮਾਂਗਟ 'ਜੋਤ' ਨੇ ਦੱਸਿਆ ਕਿ 3 ਮਈ ਨੂੰ ਕੈਬਰਜ਼ ਇੰਟਰਨੈਸ਼ਨਲ ਸਕੂਲ, ਫਗਵਾੜਾ 'ਚ ਹੋਈ ਇਸ ਕਾਨਫ਼ਰੰਸ ਵਿਚ ਦੇਸ਼-ਵਿਦੇਸ਼ ਤੋਂ ਬਾਲ ਲੇਖਕਾਂ ਨੇ ਹਿੱਸਾ ਲਿਆ | ਸਮਾਗਮ ਵਿਚ ਪ੍ਰੋਜੈਕਟ ਦੇ ਸੰਸਥਾਪਕ ਸੁੱਖੀ ਬਾਠ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਸਮੇਤ ਕਈ ਪ੍ਰਸਿੱਧ ਹਸਤੀਆਂ ਮੁੱਖ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਉਨ੍ਹਾਂ ਦੱਸਿਆ ਕਿ ਇਸ ਕਾਨਫ਼ਰੰਸ ਦੌਰਾਨ 19 ਪੁਸਤਕਾਂ ਦੀ ਘੁੰਡ ਚੁਕਾਈ ਵੀ ਕੀਤੀ ਗਈ, ਜਿਨ੍ਹਾਂ ਵਿਚ ਵਿਦੇਸ਼ੀ ਲੇਖਕਾਂ ਦੀਆਂ ਰਚਨਾਵਾਂ ਵੀ ਸ਼ਾਮਿਲ ਸਨ | 'ਨਵੀਆਂ ਕਲਮਾਂ ਨਵੀਂ ਉਡਾਣ' ਪ੍ਰੋਜੈਕਟ ਤਹਿਤ ਹੁਣ ਤੱਕ ਕਈ ਬਾਲ ਲੇਖਕਾਂ ਦੀਆਂ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਫਿਰੋਜ਼ਪੁਰ ਦੇ ਵਿਦਿਆਰਥੀ ਵੀ ਇਸ ਖੇਤਰ ਵਿਚ ਅੱਗੇ ਵਧ ਰਹੇ ਹਨ |