ਜੈਨ ਨੌਜਵਾਨਾਂ ਨੂੰ ਲਾਮਬੰਦ ਕਰਨ ਲਈ 'ਸ੍ਰੀ ਮਹਾਵੀਰ ਯੁਵਕ ਸੰਗਠਨ' ਦਾ ਗਠਨ
ਅਜੀਤ ਡੈਸਕ
07-05-2026
ਫਿਰੋਜ਼ਪੁਰ, 6 ਮਈ (ਰਾਕੇਸ਼ ਚਾਵਲਾ)-ਜੈਨ ਭਾਈਚਾਰੇ ਦੇ ਨੌਜਵਾਨਾਂ ਨੂੰ ਇਕ ਮੰਚ 'ਤੇ ਲਿਆਉਣ ਅਤੇ ਸਮਾਜ ਸੇਵਾ ਤੇ ਧਰਮ ਪ੍ਰਚਾਰ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ 'ਸ੍ਰੀ ਮਹਾਵੀਰ ਯੁਵਕ ਸੰਗਠਨ' ਦਾ ਗਠਨ ਕੀਤਾ ਗਿਆ | ਤਰੁਣ ਜੈਨ ਦੀ ਅਗਵਾਈ ਹੇਠ ਹੋਈ ਮੀਟਿੰਗ 'ਚ ਸਮਾਜ ਦੇ ਦੋ ਦਰਜਨ ਤੋਂ ਵੱਧ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ ਅਤੇ ਵੱਖ-ਵੱਖ ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਵਿਸਥਾਰਪੂਰਵਕ ਚਰਚਾ ਕੀਤੀ | ਮੀਟਿੰਗ ਦੌਰਾਨ ਸਰਬਸੰਮਤੀ ਨਾਲ ਐਡਵੋਕੇਟ ਵਿਵੇਕ ਜੈਨ ਨੂੰ ਜਥੇਬੰਦੀ ਦਾ ਪ੍ਰਧਾਨ ਚੁਣਿਆ ਗਿਆ | ਇਸ ਦੇ ਨਾਲ ਹੀ ਉਨ੍ਹਾਂ ਨੂੰ ਕਾਰਜਕਾਰੀ ਕਮੇਟੀ ਦੇ ਗਠਨ ਦਾ ਅਧਿਕਾਰ ਵੀ ਸੌਂਪਿਆ ਗਿਆ | ਜਥੇਬੰਦੀ ਦੇ ਗਠਨ ਨੂੰ ਲੈ ਕੇ ਨੌਜਵਾਨਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਸਾਰਿਆਂ ਨੇ ਮਿਲ ਕੇ ਸਮਾਜ ਦੇ ਉਥਾਨ ਲਈ ਕੰਮ ਕਰਨ ਦਾ ਅਹਿਦ ਲਿਆ | ਨਵ-ਗਠਿਤ ਕਮੇਟੀ 'ਚ ਸੁਨੀਲ ਜੈਨ ਨੂੰ ਚੇਅਰਮੈਨ, ਵਿਵੇਕ ਜੈਨ ਨੂੰ ਪ੍ਰਧਾਨ, ਪਾਰਸ ਜੈਨ ਤੇ ਪ੍ਰਦੀਪ ਜੈਨ ਨੂੰ ਉਪ ਪ੍ਰਧਾਨ, ਰੋਹਿਤ ਜੈਨ ਨੂੰ ਜਨਰਲ ਸਕੱਤਰ, ਕਿ੍ਸ਼ਨ ਜੈਨ ਨੂੰ ਸਹਿ-ਸਕੱਤਰ, ਅਸ਼ੀਸ਼ ਜੈਨ ਨੂੰ ਖ਼ਜ਼ਾਨਚੀ, ਰਜਤ ਜੈਨ ਨੂੰ ਸਲਾਹਕਾਰ ਅਤੇ ਹਰਸ਼ ਜੈਨ ਨੂੰ ਪ੍ਰਚਾਰ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ | ਇਸ ਮੌਕੇ ਪ੍ਰਧਾਨ ਵਿਵੇਕ ਜੈਨ ਨੇ ਸਮੂਹ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਥੇਬੰਦੀ ਦਾ ਮੁੱਖ ਉਦੇਸ਼ ਧਰਮ ਪ੍ਰਚਾਰ ਦੇ ਨਾਲ-ਨਾਲ ਸਮਾਜ ਸੇਵਾ ਰਾਹੀਂ ਆਪਸੀ ਭਾਈਚਾਰਾ, ਪਿਆਰ ਅਤੇ ਏਕਤਾ ਨੂੰ ਵਧਾਵਾ ਦੇਣਾ ਹੈ | ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਸਮੂਹ ਮੈਂਬਰ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਨਿਸ਼ਠਾ, ਮਿਹਨਤ ਅਤੇ ਲਗਨ ਨਾਲ ਨਿਭਾਉਣਗੇ | ਮੀਟਿੰਗ ਦੇ ਅੰਤ 'ਚ ਸਮਾਜ ਦੇ ਨੌਜਵਾਨਾਂ ਨੇ ਜਥੇਬੰਦੀ ਨੂੰ ਮਜ਼ਬੂਤ ਬਣਾਉਣ ਅਤੇ ਲੋਕ ਹਿੱਤ ਦੇ ਕੰਮਾਂ 'ਚ ਵਧ ਚੜ੍ਹ ਕੇ ਸ਼ਮੂਲੀਅਤ ਕਰਨ ਦਾ ਸੰਕਲਪ ਲਿਆ |