ਫ਼ਿਰੋਜ਼ਸ਼ਾਹ, 6 ਮਈ (ਸਰਬਜੀਤ ਸਿੰਘ ਧਾਲੀਵਾਲ)-ਜੈਨੇਸਿਸ ਡੈਂਟਲ ਕਾਲਜ ਅਤੇ ਹਸਪਤਾਲ ਵਲੋਂ ਪਿੰਡ ਸ਼ਹਿਜ਼ਾਦੀ 'ਚ ਮੁਫ਼ਤ ਦੰਦਾਂ ਦਾ ਜਾਂਚ ਕੈਂਪ ਲਗਾਇਆ ਗਿਆ | ਇਸ ਸਮਾਜ ਸੇਵਾ ਮੁਹਿੰਮ ਦਾ ਮਕਸਦ ਪਿੰਡ ਵਾਸੀਆਂ ਨੂੰ ਦੰਦਾਂ ਅਤੇ ਮਸੂੜਿ੍ਹਆਂ ਦੀਆਂ ਬਿਮਾਰੀਆਂ ਬਾਰੇ ਜਾਗਰੂਕ ਕਰਨਾ ਅਤੇ ਸਮੇਂ ਸਿਰ ਇਲਾਜ ਲਈ ਪ੍ਰੇਰਿਤ ਕਰਨਾ ਸੀ | ਕੈਂਪ ਦੌਰਾਨ ਡਾ. ਨਿਸ਼ਟਾ ਬੁਲੰਦੀ ਅਤੇ ਡਾ. ਪੇ੍ਰਨਾ ਨੇ ਮਰੀਜ਼ਾਂ ਦੇ ਦੰਦਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਲੋੜੀਂਦੀ ਸਲਾਹ ਦਿੱਤੀ | ਡਾਕਟਰਾਂ ਨੇ ਦੱਸਿਆ ਕਿ ਦੰਦਾਂ ਦੀ ਨਿਯਮਿਤ ਸਫ਼ਾਈ, ਸੰਤੁਲਿਤ ਖ਼ੁਰਾਕ ਅਤੇ ਸਮੇਂ-ਸਮੇਂ ਤੇ ਜਾਂਚ ਕਰਵਾਉਣ ਨਾਲ ਕਈ ਗੰਭੀਰ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ | ਉਨ੍ਹਾਂ ਨੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਖ਼ਾਸ ਤੌਰ 'ਤੇ ਦੰਦਾਂ ਦੀ ਸੰਭਾਲ 'ਤੇ ਧਿਆਨ ਦੇਣ ਦੀ ਅਪੀਲ ਕੀਤੀ | ਇਸ ਮੌਕੇ ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ, ਬਲਵਿੰਦਰ ਸਿੰਘ ਭੁੱਲਰ, ਹਰਜਿੰਦਰ ਸਿੰਘ ਭੁੱਲਰ, ਗੁਰਮੇਜ ਸਿੰਘ ਭੁੱਲਰ, ਬੋਹੜ ਸਿੰਘ ਅਤੇ ਵਿਰਸਾ ਸਿੰਘ ਨੇ ਆਏ ਹੋਏ ਹਸਪਤਾਲ ਦੀ ਟੀਮ ਦਾ ਧੰਨਵਾਦ ਕੀਤਾ | ਇਸ ਮੌਕੇ ਕਾਲਜ ਦੇ ਪੀ.ਆਰ.ਓ ਰਣਜੀਤ ਸਿੰਘ ਅਤੇ ਮਨਜੀਤ ਸਿੰਘ ਨੇ ਇਲਾਕਾ ਵਾਸੀਆਂ ਨੂੰ ਟੂਥਪੇਸਟ ਅਤੇ ਬਰੱਸ਼ ਵੰਡੇ ਅਤੇ ਉਨ੍ਹਾਂ ਨੂੰ ਸਫ਼ਾਈ ਅਤੇ ਦੰਦਾਂ ਦੀ ਦੇਖਭਾਲ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ | ਪਿੰਡ ਵਾਸੀਆਂ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਸਿਹਤ ਸੇਵਾਵਾਂ ਨੂੰ ਘਰ-ਘਰ ਤੱਕ ਪਹੁੰਚਾਉਣ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ |