ਮੁੱਦਕੀ, 12 ਮਈ (ਭਾਰਤ ਭੂਸ਼ਨ ਅਗਰਵਾਲ)-ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ ਬਲਾਕ ਘੱਲ ਖ਼ੁਰਦ ਇਕਾਈ ਵਲੋਂ ਸਹਿਕਾਰੀ ਸਭਾਵਾਂ ਦੇ ਨਵੇਂ ਵਧਾਏ ਹੱਦ ਕਰਜ਼ੇ ਲਾਗੂ ਕਰਵਾਉਣ ਦੀ ਮੰਗ ਨੂੰ ਲੈ ਕੇ ਕੋਆਪੇ੍ਰਟਿਵ ਬੈਂਕ ਬਰਾਂਚ ਮੁੱਦਕੀ ਵਿਖੇ ਰੋਸ ਧਰਨਾ ਦਿੱਤਾ ਗਿਆ | ਇਸ ਦੌਰਾਨ ਬੈਂਕ ਦੇ ਮੈਨੇਜਰ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ | ਕਿਸਾਨ ਆਗੂਆਂ ਨੇ ਦੱਸਿਆ ਕਿ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਵਲੋਂ ਮਿਤੀ 10 ਅਪੈ੍ਰਲ 2026 ਨੂੰ ਹਾੜ੍ਹੀ-ਸਾਉਣੀ ਫ਼ਸਲਾਂ, ਮੱਛੀ ਪਾਲਨ, ਪਸ਼ੂ ਪਾਲਨ, ਮੱਖੀ ਪਾਲਨ, ਖੁੰਬਾਂ ਦੀ ਕਾਸ਼ਤ ਸਮੇਤ ਹੋਰ ਵੱਖ-ਵੱਖ ਖੇਤੀਬਾੜੀ ਕਾਰਜਾਂ ਲਈ ਸਾਲ 2026-27 ਦੇ ਸਹਿਕਾਰੀ ਖੇਤੀਬਾੜੀ ਕਰਜ਼ਿਆਂ ਸਬੰਧੀ ਸਕੇਲ ਆਫ਼ ਫਾਈਨਾਂਸ ਵਿਚ ਵਾਧਾ ਕੀਤਾ ਗਿਆ ਸੀ | ਇਸ ਦੇ ਆਧਾਰ 'ਤੇ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਵਲੋਂ ਕਿਸਾਨਾਂ ਤੋਂ ਜ਼ਰੂਰੀ ਦਸਤਾਵੇਜ਼, ਜਮਾਂਬੰਦੀਆਂ ਅਤੇ ਹੋਰ ਕਾਗ਼ਜ਼ਾਤ ਲੈ ਕੇ ਨਵੇਂ ਐਮ.ਸੀ.ਐਲ. ਤਿਆਰ ਕਰਕੇ ਬੈਂਕ ਵਿਚ ਜਮਾਂ ਵੀ ਕਰਵਾ ਦਿੱਤੇ ਗਏ ਸਨ | ਉਨ੍ਹਾਂ ਕਿਹਾ ਕਿ ਹੁਣ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਵਲੋਂ ਨਵੇਂ ਵਧਾਏ ਗਏ ਹੱਦ ਕਰਜ਼ੇ ਰੱਦ ਕਰਕੇ ਮੁੜ ਸਾਲ 2025-26 ਵਾਲੇ ਪੁਰਾਣੇ ਹੱਦ ਕਰਜ਼ੇ ਲਾਗੂ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ | ਜੋ ਕਿ ਕਿਸਾਨਾਂ ਨਾਲ ਧੱਕੇਸ਼ਾਹੀ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਕਿਸਾਨੀ ਦੀ ਰਿੜ੍ਹ ਦੀ ਹੱਡੀ ਹਨ ਅਤੇ ਬਹੁਤੇ ਕਿਸਾਨ ਖਾਦ, ਬੀਜ, ਡੀਜ਼ਲ, ਦਵਾਈਆਂ ਅਤੇ ਹੋਰ ਜ਼ਰੂਰੀ ਖੇਤੀਬਾੜੀ ਸਮਾਨ ਸਭਾਵਾਂ ਤੋਂ ਹੀ ਲੈਂਦੇ ਹਨ | ਉਨ੍ਹਾਂ ਕਿਹਾ ਕਿ ਸਰਕਾਰ ਇਕ ਪਾਸੇ ਸਹਿਕਾਰਤਾ ਲਹਿਰ ਨੂੰ ਪ੍ਰਫੁੱਲਿਤ ਕਰਨ ਦੀਆਂ ਗੱਲ ਕਰ ਰਹੀ ਹੈ, ਪਰ ਦੂਜੇ ਪਾਸੇ ਕਿਸਾਨ ਹਿਤੈਸ਼ੀ ਫ਼ੈਸਲਿਆਂ ਤੋਂ ਯੂ-ਟਰਨ ਲੈ ਰਹੀ ਹੈ | ਜਿਸ ਕਾਰਨ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਜਥੇਬੰਦੀ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਵਲੋਂ ਨਵੇਂ ਵਾਧੇ ਸਮੇਤ ਜਾਰੀ ਕੀਤੇ ਹੱਦ ਕਰਜ਼ੇ ਤੁਰੰਤ ਲਾਗੂ ਕੀਤੇ ਜਾਣ, ਨਹੀਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਸਤਨਾਮ ਸਿੰਘ, ਸੁਖਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਦਰਸ਼ਨ ਸਿੰਘ ਬਲਾਕ ਮੀਤ ਪ੍ਰਧਾਨ, ਬਲਾਕ ਪ੍ਰਧਾਨ ਗੁਰਬਾਜ਼ ਸਿੰਘ, ਜਗਜੀਤ ਸਿੰਘ, ਬਖ਼ਸ਼ੀਸ਼ ਸਿੰਘ, ਸੁਰਜਣ ਸਿੰਘ, ਸੁਖਦੇਵ ਸਿੰਘ, ਗੁਰਮੇਜ ਸਿੰਘ, ਪਲਵਿੰਦਰ ਸਿੰਘ ਕਾਕਾ, ਸੁਖਮੰਦਰ ਸਿੰਘ, ਦਰਸ਼ਨ ਸਿੰਘ, ਗੁਰਇਕਬਾਲ ਸਿੰਘ ਆਦਿ ਹਾਜ਼ਰ ਸਨ |